- Updated: July 22, 2024 08:44 AM
ਕੈਨੇਡਾ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲੜਨ ਦੀ ਯੋਜਨਾ ਬਣਾ ਰਹੇ ਪੰਜਾਬੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਦੇਸ਼ੀ ਦਖ਼ਲ ਰੋਕਣ ਦੇ ਇਰਾਦੇ ਨਾਲ ਇਲੈਕਸ਼ਨਜ਼ ਕੈਨੇਡਾ ਵਲੋਂ ਸੁਝਾਅ ਦਿਤਾ ਗਿਆ ਕਿ ਉਮੀਦਵਾਰਾਂ ਦੀ ਨਾਮਜ਼ਦਗੀ ਦੌਰਾਨ ਸਿਰਫ਼ ਕੈਨੇਡੀਅਨ ਨਾਗਰਿਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ ਅਤੇ ਬਾਕੀਆਂ ਨੂੰ ਇਸ ਪ੍ਰਕਿਰਿਆ ਤੋਂ ਦੂਰ ਰਖਿਆ ਜਾਵੇ।
ਮੁੱਖ ਚੋਣ ਅਫ਼ਸਰ ਸਟੀਫ਼ਨ ਪੈਰੋ ਵਲੋਂ ਸਿਫ਼ਾਰਸ਼ ਦਾ ਖਰੜਾ ਤਿਆਰ ਕੀਤਾ ਗਿਆ ਹੈ ਜੋ ਆਉਣ ਵਾਲੇ ਸਮੇਂ ਦੌਰਾਨ ਵਿਦੇਸ਼ੀ ਦਖ਼ਲ ਦੀ ਪੜਤਾਲ ਕਰ ਰਹੇ ਕਮਿਸ਼ਨ ਨੂੰ ਸੌਂਪਿਆ ਜਾਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਤਜਵੀਜ਼ਸ਼ੁਦਾ ਤਬਦੀਲੀਆਂ ਸੰਭਾਵਤ ਉਮੀਦਵਾਰਾਂ ਵਾਸਤੇ ਮੁਸ਼ਕਲਾਂ ਪੈਦਾ ਕਰ ਸਕਦੀਆਂ ਹਨ ਅਤੇ ਸਿਆਸੀ ਪਾਰਟੀਆਂ ਦੀਆਂ ਅੰਦਰੂਨੀ ਨੀਤੀਆਂ ਵੀ ਪ੍ਰਭਾਵਤ ਹੋਣਗੀਆਂ। ਦੂਜੇ ਪਾਸੇ ਸੱਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਨਾਮਜ਼ਦਗੀ ਮੁਕਾਬਲਿਆਂ ਦੌਰਾਨ ਚੋਣਵੇਂ ਵੋਟਰ ਹੀ ਸ਼ਾਮਲ ਹੋ ਸਕਣਗੇ ਅਤੇ ਬੇਨਿਯਮੀਆਂ ਦਾ ਖ਼ਤਰਾ ਤਕਰੀਬਨ ਖ਼ਤਮ ਕੀਤਾ ਜਾ ਸਕਦਾ ਹੈ।
ਪ੍ਰਕਿਰਿਆ ਵਿਚ ਸ਼ਮੂਲੀਅਤ ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸਿਆਸੀ ਪਾਰਟੀਆਂ ਦੀ ਐਡਵਾਇਜ਼ਰੀ ਕਮੇਟੀ ਦੀ ਜੂਨ ਵਿਚ ਹੋਈ ਮੀਟਿੰਗ ਦੌਰਾਨ ਕਈ ਅਹਿਮ ਪਹਿਲੂਆਂ ’ਤੇ ਗੌਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਐਡਵਾਈਜ਼ਰੀ ਕਮੇਟੀ ਰਜਿਸਟਰਡ ਸਿਆਸੀ ਪਾਰਟੀਆਂ ਦਾ ਇਕ ਫ਼ੋਰਮ ਹੈ ਜੋ ਚੋਣਾਂ ਦੇ ਸਬੰਧ ਵਿਚ ਮੁੱਖ ਚੋਣ ਅਫ਼ਸਰ ਨਾਲ ਰਾਬਤਾ ਕਾਇਮ ਕਰਦਾ ਹੈ। ਪਿਛਲੇ ਸਾਲ ਐਡਵਾਈਜ਼ਰੀ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਨਾਮਜ਼ਦਗੀ ਮੁਕਾਬਲਿਆਂ ਵਿਚ ਕਿਸੇ ਵੱਡੀ ਤਬਦੀਲੀ ਤੋਂ ਇਨਕਾਰ ਕੀਤਾ ਗਿਆ ਪਰ ਇਸ ਸਾਲ ਮਈ ਵਿਚ ਵਿਦੇਸ਼ੀ ਦਖ਼ਲ ਬਾਰੇ ਜਾਂਚ ਕਮਿਸ਼ਨ ਵਲੋਂ ਪੇਸ਼ ਅੰਤਰਮ ਰਿਪੋਰਟ ਵਿਚ ਨਾਮਜ਼ਦਗੀ ਮੁਕਾਬਲਿਆਂ ਨੂੰ ਹੀ ਵਿਦੇਸ਼ੀ ਦਖ਼ਲ ਦਾ ਸੰਭਾਵਤ ਰਾਹਤ ਮੰਨਿਆ ਗਿਆ।