ਇੰਡੀਗੋ ਜਹਾਜ਼ ‘ਚ ਯਾਤਰੀ ਦੇ ਇਲੈਕਟ੍ਰਾਨਿਕ ਡਿਵਾਈਸ ‘ਚ ਅੱਗ, ਐਮਰਜੈਂਸੀ ਗੇਟ ਰਾਹੀਂ ਯਾਤਰੀ ਬਾਹਰ ਕੱਢੇ

ਇੰਡੀਗੋ ਜਹਾਜ਼ ‘ਚ ਯਾਤਰੀ ਦੇ ਇਲੈਕਟ੍ਰਾਨਿਕ ਡਿਵਾਈਸ ‘ਚ ਅੱਗ, ਐਮਰਜੈਂਸੀ ਗੇਟ ਰਾਹੀਂ ਯਾਤਰੀ ਬਾਹਰ ਕੱਢੇ

ਮੰਗਲਵਾਰ ਨੂੰ ਹੈਦਰਾਬਾਦ ਤੋਂ ਚੰਡੀਗੜ੍ਹ ਜਾ ਰਹੀ ਇੰਡੀਗੋ ਦੀ ਉਡਾਣ 6E 108 ਵਿੱਚ ਇੱਕ ਯਾਤਰੀ ਦੇ ਇਲੈਕਟ੍ਰਾਨਿਕ ਉਪਕਰਣ ਵਿਚ ਅੱਗ ਲੱਗ ਗਈ, ਜਿਸ ਨਾਲ ਕੁਝ ਯਾਤਰੀ ਜ਼ਖਮੀ ਹੋ ਜਾਣ ਦੀ ਖਬਰ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫਲਾਈਟ ਹਵਾਈ ਅੱਡੇ ‘ਤੇ ਖੜ੍ਹੀ ਸੀ। ਹਾਦਸੇ ਤੋਂ ਬਾਅਦ ਜਹਾਜ਼ ਵਿੱਚ ਧੂੰਆਂ ਭਰ ਗਿਆ, ਜਿਸ ਕਾਰਨ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ। ਯਾਤਰੀਆਂ ਨੂੰ ਐਮਰਜੈਂਸੀ ਗੇਟ ਰਾਹੀਂ ਬਾਹਰ ਕੱਢਿਆ ਗਿਆ।

ਚਾਲਕ ਦਲ ਦੇ ਮੈਂਬਰਾਂ ਨੇ ਤੁਰੰਤ ਅੱਗ ਸੁਰੱਖਿਆ ਉਪਕਰਣਾਂ ਦੀ ਵਰਤੋਂ ਕਰਕੇ ਅੱਗ ‘ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਇੱਕ ਯਾਤਰੀ ਦੇ ਬੈਗ ਵਿਚ ਪਾਵਰ ਬੈਂਕ ਰੱਖਿਆ ਸੀ, ਜੋਕਿ ਬਲਸਾਟ ਹੋ ਗਿਆ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਪਾਵਰ ਬੈਂਕ ਕਿਵੇਂ ਫਟਿਆ। ਪੁਲਿਸ ਅਤੇ ਹਵਾਈ ਅੱਡਾ ਅਧਿਕਾਰੀ ਜਾਂਚ ਕਰ ਰਹੇ ਹਨ।

Image

ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ, ਜਹਾਜ਼ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਟਰਮੀਨਲ ‘ਤੇ ਪਹੁੰਚਾਇਆ ਗਿਆ, ਜਿੱਥੇ ਏਅਰਲਾਈਨ ਦੀ ਟੀਮ ਨੇ ਸਹਾਇਤਾ ਪ੍ਰਦਾਨ ਕੀਤੀ।

ਏਅਰਲਾਈਨ ਮੁਤਾਬਕ ਜਹਾਜ਼ ਨੂੰ ਸੇਵਾ ਵਿੱਚ ਵਾਪਸ ਲਿਆਉਣ ਤੋਂ ਪਹਿਲਾਂ ਜ਼ਰੂਰੀ ਤਕਨੀਕੀ ਜਾਂਚ ਕੀਤੀ ਜਾਵੇਗੀ। ਇੰਡੀਗੋ ਨੇ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਉਸਦੀ ਪਹਿਲੀ ਤਰਜੀਹ ਹੈ।

ਦੁਪਹਿਰ ਲਗਭਗ 3:35 ਵਜੇ, ਇੱਕ ਚਾਲਕ ਦਲ ਦੇ ਮੈਂਬਰ ਨੇ ਐਮਰਜੈਂਸੀ ਐਗਜ਼ਿਟ ਖੋਲ੍ਹਿਆ ਅਤੇ ਯਾਤਰੀਆਂ ਨੂੰ ਫੁੱਲਣ ਵਾਲੀਆਂ ਸਲਾਈਡਾਂ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ। ਹਵਾਈ ਸੈਨਾ ਦੀ ਇੱਕ ਫਾਇਰ ਟੈਂਡਰ ਟੀਮ ਦੁਪਹਿਰ 3:38 ਵਜੇ ਘਟਨਾ ਸਥਾਨ ‘ਤੇ ਪਹੁੰਚੀ, ਪਰ ਉਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਸੀ।