- Updated: August 31, 2026 05:45 PM
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੋਹਾਲੀ ਸਥਿਤ ਪੀ. ਸੀ. ਏ. ਕ੍ਰਿਕਟ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਕ ਧਮਕੀ ਭਰੀ ਈ-ਮੇਲ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਵੱਖ-ਵੱਖ ਥਾਵਾਂ 'ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਮੁੱਖ ਮੰਤਰੀ ਨਾਲ ਜੁੜੇ ਸਥਾਨਾਂ ਅਤੇ ਪੀ. ਸੀ. ਏ. ਕ੍ਰਿਕਟ ਸਟੇਡੀਅਮ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਈ-ਮੇਲ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਤਾਂ ਜੋ ਭੇਜਣ ਵਾਲੇ ਦਾ ਪਤਾ ਲਗਾਇਆ ਜਾ ਸਕੇ।
ਸਟੇਡੀਅਮ 'ਚ ਮੈਚ ਨਾ ਵੇਖਣ ਦੀ ਚਿਤਾਵਨੀ
ਇਹ ਈ-ਮੇਲ ਅੱਜ ਸਵੇਰੇ ਮੁੱਖ ਮੰਤਰੀ ਦੇ ਦਫ਼ਤਰ ਦੀ ਮੇਲ ਆਈ. ਡੀ. 'ਤੇ ਭੇਜੀ ਗਈ ਸੀ। ਮੇਲ 'ਚ ਕਿਹਾ ਗਿਆ ਹੈ ਕਿ 13 ਸਤੰਬਰ ਤੱਕ ਕੋਈ ਵੀ ਵਿਅਕਤੀ ਪੀ. ਸੀ. ਏ. ਸਟੇਡੀਅਮ 'ਚ ਕ੍ਰਿਕਟ ਮੈਚ ਵੇਖਣ ਨਾ ਜਾਵੇ। ਧਮਕੀ ਦੇਣ ਵਾਲੇ ਨੇ ਇਸ ਖੇਡ ਨੂੰ 'ਹਿੰਦੂਆਂ ਦੀ ਖੇਡ' ਦੱਸਿਆ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਉੱਥੇ ਆਈਫੋਨ/ਐਂਡਰਾਇਡ ਬੈਟਰੀ ਬੰਬ (ਜਾਂ ਆਈਪੈਡ ਬੰਬ) ਚੱਲੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਪੰਜਾਬ ਸਰਕਾਰ ਵੱਲੋਂ ਆਈ. ਪੀ. ਐੱਲ. ਦੀ ਤਰਜ਼ 'ਤੇ 'ਸ਼ੇਰ-ਏ-ਪੰਜਾਬ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਹੈ।
ਸਕੂਲ ਅਤੇ ਦਫ਼ਤਰ ਬੰਦ ਕਰਨ ਦੀ ਮੰਗ
ਮੇਲ 'ਚ ਸਕੂਲਾਂ ਅਤੇ ਦਫ਼ਤਰਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ ਅਤੇ 31 ਅਗਸਤ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਵਜੋਂ ਯਾਦ ਕਰਨ ਲਈ ਕਿਹਾ ਗਿਆ ਹੈ, ਜਿਸ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦੀ ਜਵਾਨੀ ਬਚਾਈ ਸੀ।
ਮੁੱਖ ਮੰਤਰੀ ਭਗਵੰਤ ਮਾਨ ਦਾ ਦਫ਼ਤਰ ਨਿਸ਼ਾਨੇ 'ਤੇ
ਈ-ਮੇਲ ਮੁਤਾਬਕ 31 ਅਗਸਤ ਤੋਂ 13 ਸਤੰਬਰ ਦਰਮਿਆਨ ਚੰਡੀਗੜ੍ਹ ਵਿਧਾਨ ਸਭਾ ਵਿਖੇ ਦੁਪਹਿਰ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਫ਼ਤਰ ਨਿਸ਼ਾਨੇ 'ਤੇ ਰਹੇਗਾ। ਇਸ ਦੇ ਨਾਲ ਹੀ 5-6 ਸਤੰਬਰ ਨੂੰ ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਨਾਲ ਸਬੰਧਤ ਵੀ ਕੋਈ ਜ਼ਿਕਰ ਕੀਤਾ ਗਿਆ ਹੈ।