- Updated: June 23, 2026 10:07 AM
ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਜਪਾ ਨੇਤਾ ਡਾ. ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ ਹੋਇਆ ਹੈ। ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਭਾਜਪਾ ਆਗੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਕਿ ਅੱਜ ਸੀਐੱਮ ਭਗਵੰਤ ਮਾਨ ਦਾ ਬਠਿੰਡਾ ਦੌਰਾ ਹੈ ਤੇ ਉਸ ਤੋਂ ਪਹਿਲਾਂ ਵੱਡੀ ਵਾਰਦਾਤ ਵਾਪਰੀ ਹੈ। 2 ਨਕਾਬਪੋਸ਼ ਬਦਮਾਸ਼ਾਂ ਬਾਈਕ ‘ਤੇ ਸਵਾਰ ਹੋ ਕੇ ਆਉਂਦੇ ਹਨ। ਉਨ੍ਹਾਂ ਵਿਚੋਂ ਇਕ ਮੁਲਜ਼ਮ ਬੋਤਲ ਨੂੰ ਅੱਗ ਲਗਾਉਂਦਾ ਹੈ ਤੇ ਦੂਜਾ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਰਿਹਾ ਹੁੰਦਾ ਹੈ।
ਇਸੇ ਦੌਰਾਨ ਹਮਲਾਵਰ ਕਲੀਨਿਕ ਦੇਅੰਦਰ ਪੈਟਰੋਲ ਬੰਬ ਸੁੱਟ ਦਿੰਦੇ ਹਨ। ਕਲੀਨਿਕ ਦੇ ਅੰਦਰ ਮੌਜੂਦ ਵਿਅਕਤੀ ਰੌਲਾ ਪਾਉਂਦੇ ਹਨ ਤੇ ਸ਼ੋਰ ਸੁਣ ਕੇ ਇਲਾਕੇ ਦੇ ਵਿਅਕਤੀ ਇਕੱਠੇ ਹੋ ਜਾਂਦੇ ਹਨ ਤੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਜਿਥੇ ਮੁਲਜ਼ਮਾਂ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਕਾਫੀ ਭੀੜ-ਭਾੜ ਵਾਲਾ ਇਲਾਕਾ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਡਾ. ਤਰਸੇਮ ਗਰਗ ਜੋ ਕਿ ਭਾਜਪਾ ਆਗੂ ਹਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਚ ਪੰਜਾਬ ਟਰੇਡ ਦੇ ਸਕੱਤਰ ਰਹਿ ਚੁੱਕੇ ਹਨ। ਡਾ. ਗਰਗ ਦੀ ਕਲੀਨਿਕ ਦੇ ਸਾਹਮਣੇ ਆਰਐੱਸਐੱਸ ਦਾ ਵੱਡਾ ਦਫਤਰ ਵੀ ਸਥਿਤ ਹੈ। ਘਟਨਾ ਮਗਰੋਂ ਪ੍ਰਸ਼ਾਸਨ ਐਕਸ਼ਨ ਵਿਚ ਹੈ। ਪੁਲਿਸ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਡਾ. ਤਰਸੇਮ ਗਰਗ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਹਾਲਾਂਕਿ ਡਾ. ਤਰਸੇਮ ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਨਾ ਹੀ ਕਿਸੇ ਵੱਲੋਂ ਉਨ੍ਹਾਂ ਨੂੰ ਕੋਈ ਧਮਕੀ ਨਹੀਂ ਮਿਲੀ ਹੈ। ਘਟਨਾ ਦੀ ਜਾਂਚ ਲਈ ਵੱਖ-ਵੱਖ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਹਮਲਾਵਰਾਂ ਦੀ ਪਛਾਣ ਕਰਨ ਲਈ CCTV ਫੁਟੇਜ ਖੰਗਾਲੀ ਜਾ ਰਹੀ ਹੈ।