- Updated: August 18, 2026 02:16 PM
ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ। ਭਿੰਡ ਜ਼ਿਲ੍ਹੇ ਦੇ ਨੈਸ਼ਨਲ ਹਾਈਵੇ 719 'ਤੇ ਗੋਹਦ ਚੌਰਾਹਾ ਥਾਣਾ ਖੇਤਰ ਦੇ ਛੀਮਕਾ ਪਿੰਡ ਨੇੜੇ ਇੱਕ ਲੋਡਿੰਗ ਵਾਹਨ ਦੀ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 22 ਲੋਕ ਜ਼ਖ਼ਮੀ ਹੋਏ ਹਨ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਸਾਰਿਆਂ ਨੂੰ ਗੋਹਦ ਸਿਹਤ ਕੇਂਦਰ ਪਹੁੰਚਾਇਆ। ਜਿੱਥੋਂ ਗੰਭੀਰ ਜ਼ਖ਼ਮੀਆਂ ਨੂੰ ਗਵਾਲੀਅਰ ਰੈਫ਼ਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਗਵਾਲੀਅਰ ਜ਼ਿਲ੍ਹੇ ਦੇ ਡਬਰਾ ਨੇੜੇ ਚਿਨੌਰ ਪਿੰਡ ਵਿੱਚ ਝੋਨਾ ਲਾਉਣ ਦਾ ਕੰਮ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਪਛਗਵਾਂ, ਲਖੀਮਪੁਰ ਖੀਰੀ ਅਤੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਮਜ਼ਦੂਰ ਲੋਡਿੰਗ ਵਾਹਨ ਵਿੱਚ ਸਵਾਰ ਹੋ ਕੇ ਆਪਣੇ-ਆਪਣੇ ਪਿੰਡ ਵਾਪਸ ਜਾ ਰਹੇ ਸਨ। ਇਸੇ ਦੌਰਾਨ ਨੈਸ਼ਨਲ ਹਾਈਵੇ 719 'ਤੇ ਛੀਮਕਾ ਪਿੰਡ ਨੇੜੇ ਦੇਰ ਰਾਤ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਲੋਡਿੰਗ ਵਾਹਨ ਦੀ ਜ਼ੋਰਦਾਰ ਟੱਕਰ ਹੋ ਗਈ।