- Updated: April 29, 2025 10:50 AM
ਕੈਨੇਡਾ 'ਚ ਅੱਜ ਫੈਡਰਲ ਚੋਣਾਂ ਦੀ ਗਿਣਤੀ ਜਾਰੀ ਹੈ, ਜਿੱਥੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਓਟਾਵਾ 'ਚ ਆਪਣੀ ਸੀਟ ਨਿਪੀਨ ਤੋਂ ਜਿੱਤ ਦਰਜ ਕਰ ਚੁੱਕੇ ਹਨ ਤੇ ਇਸ ਜਿੱਤ ਮਗਰੋਂ ਉਹ ਪਹਿਲੀ ਵਾਰ ਕੈਨੇਡੀਅਨ ਸੰਸਦ ਦਾ ਹਿੱਸਾ ਬਣਨਗੇ। ਇਹੀ ਨਹੀਂ, ਉਨ੍ਹਾਂ ਦੀ ਲਿਬਰਲਜ਼ ਪਾਰਟੀ ਵੀ ਵੱਡੀ ਜਿੱਤ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ।
ਰੁਝਾਨਾਂ ਮੁਤਾਬਕ ਕੈਨੇਡਾ 'ਚ ਸਰਕਾਰ ਬਣਾਉਣ ਲਈ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਜਿੱਤ ਵਧਦੀ ਜਾ ਰਹੀ ਹੈ, ਜਿਸ ਅਨੁਸਾਰ ਮਾਰਕ ਕਾਰਨੀ ਇਕ ਵਾਰ ਫ਼ਿਰ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਇਸ ਸਮੇਂ ਲਿਬਰਲ ਪਾਰਟੀ 160 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਕੰਜ਼ਰਵੇਟਿਵ ਪਾਰਟੀ 151 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਬਲਾਕ ਕਿਊਬਿਕਸ 23, ਨਿਊ ਡੈਮੋਕ੍ਰੈਟਸ 8 ਤੇ ਗ੍ਰੀਨਜ਼ 1 ਸੀਟ 'ਤੇ ਅੱਗੇ ਹੈ।
ਉੱਥੇ ਹੀ ਵਿਰੋਧੀ ਧਿਰ ਦੇ ਆਗੂ ਪੀਅਰ ਪੋਈਲੇਵਰ ਕਾਰਲਟਨ ਤੋਂ ਆਪਣੀ ਸੀਟ 'ਤੇ ਪਿੱਛੜੇ ਹੋਏ ਨਜ਼ਰ ਆ ਰਹੇ ਹਨ। ਉਹ ਇਸ ਸਮੇਂ ਲਿਬਰਲਜ਼ ਦੇ ਬ੍ਰੂਸ ਫੈਂਜੋਏ ਤੋਂ ਕਰੀਬ 2,000 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇਸ ਤੋਂ ਇਲਾਵਾ ਐੱਨ.ਡੀ.ਪੀ. ਦੇ ਜਗਮੀਤ ਸਿੰਘ ਵੀ ਆਪਣੀ ਸੀਟ ਤੋਂ ਹਾਰਦੇ ਹੋਏ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਮਗਰੋਂ ਲਿਬਰਲ ਪਾਰਟੀ ਨੇ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਐਲਾਨਿਆ ਸੀ, ਜਿਸ ਮਗਰੋਂ ਹੁਣ ਚੋਣਾਂ 'ਚ ਇਕ ਵਾਰ ਫ਼ਿਰ ਤੋਂ ਲਿਬਰਲ ਸਰਕਾਰ ਬਣਨ ਜਾ ਰਹੀ ਹੈ, ਜਿਸ 'ਚ ਕਾਰਨੀ ਮੁੜ ਤੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।