ਅੱਜ ਰਾਤ 8:30 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ, ਮਹੱਤਵਪੂਰਨ ਮਸਲਿਆਂ ‘ਤੇ ਕਰ ਸਕਦੇ ਹਨ ਚਰਚਾ

ਅੱਜ ਰਾਤ 8:30 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ, ਮਹੱਤਵਪੂਰਨ ਮਸਲਿਆਂ ‘ਤੇ ਕਰ ਸਕਦੇ ਹਨ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8.30 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਉਹ ਕਿਸ ਮੁੱਦੇ ‘ਤੇ ਬੋਲਣਗੇ, ਇਹ ਅਜੇ ਸਸਪੈਂਸ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਮੋਦੀ ਮਹਿਲਾ ਰਾਖਵਾਂਕਰਨ ਦੇ ਲਾਗੂ ਹੋਣ ਦੇ ਮੁੱਦੇ ਤੇ ਸੰਸਦ ਵਿਚ ਪਿਛਲੇ ਦੋ ਦਿਨਾਂ ਦੌਰਾਨ ਹੋਈਆਂ ਘਟਨਾਵਾਂ ‘ਤੇ ਗੱਲਬਾਤ ਕਰ ਸਕਦੇ ਹਨ।

ਲੋਕ ਸਭਾ ਵਿਚ ਸ਼ੁੱਕਰਵਾਰ ਨੂੰ ਮਹਿਲਾ ਰਾਖਵਾਂਕਰਨ ਨਾਲ ਜੁੜਿਆ ਸੰਵਿਧਾਨ (131ਵਾਂ ਸੋਧ) ਬਿਲ ਪਾਸ ਨਹੀਂ ਹੋ ਸਕਿਆ ਸੀ। ਇਸ ਬਿਲ ਵਿਚ ਲੋਕ ਸਭਾ ਸੀਟਾਂ ਨੂੰ 543 ਤੋਂ ਵਧਾ ਕੇ 816 ਕਰਨ ਤੇ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦਾ ਪ੍ਰਸਤਾਵ ਸੀ।

ਬਿੱਲ ਦੇ ਪੱਖ ਵਿਚ 298 ਤੇ ਵਿਰੋਧ ਵਿਚ 230 ਵੋਟਾਂ ਪਈਆਂ ਜਦੋਂ ਕਿ ਇਸ ਨੂੰ ਪਾਸ ਕਰਨ ਲਈ 352 ਵੋਟਾਂ ਦੀ ਲੋੜ ਸੀ। ਸੂਤਰਾਂ ਮੁਤਾਬਕ ਪੀਐੱਮ ਮੋਦੀ ਨੇ ਸ਼ਨੀਵਾਰ ਨੂੰ ਕੈਬਨਿਟ ਮੀਟਿੰਗ ਵਿਚ ਕਿਹਾ ਕਿ ਵਿਰੋਧੀਆਂ ਨੇ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਨਾ ਕਰਕੇ ਗਲਤੀ ਕੀਤੀ ਹੈ ਤੇ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।

12 ਸਾਲ ਦੇ ਸ਼ਾਸਨ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਮੋਦੀ ਸਰਕਾਰ ਸਦਨ ਵਿਚ ਕੋਈ ਬਿੱਲ ਪਾਸ ਨਹੀਂ ਕਰਾ ਸਕੀ। ਹੁਣ ਮਹਿਲਾ ਰਾਖਵਾਂਕਰਨ ਨਵੀਂ ਜਨਗਣਨਾ ਦੇ ਨਤੀਜੇ ਆਉਣ ਤੋਂ ਪਹਿਲਾਂ ਲਾਗੂ ਨਹੀਂ ਹੋਵੇਗਾ ਯਾਨੀ 2029 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਦਾ ਫਾਇਦਾ ਨਹੀਂ ਮਿਲੇਗਾ।

ਸਰਕਾਰ ਜੋ ਨਵੇਂ 3 ਬਿਲ ਲੈ ਕੇ ਆਈ ਸੀ ਉਨ੍ਹਾਂ ਵਿਚ 2029 ਦੀਆਂ ਆਮ ਚੋਣਾਂ ਤੋਂ ਪਹਿਲਾਂ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨ ਦਾ ਪ੍ਰਸਤਾਵ ਸੀ।ਇਸ ਲਈ 2011 ਦੀ ਜਨਗਣਨਾ ਦੇ ਆਧਾਰ ‘ਤੇ ਹੱਦਬੰਦੀ ਵੀ ਕੀਤੀ ਜਾਣੀ ਸੀ।