PM ਮੋਦੀ ਦਾ ਪਾਪੁਆ ਨਿਊ ਗਿਨੀ ’ਚ ਸੰਮੇਲਨ ਦੌਰਾਨ 14 ਪ੍ਰਸ਼ਾਂਤ ਦੇਸ਼ਾਂ ਨੂੰ ਭਰੋਸਾ, ਔਖੇ ਵੇਲੇ ਭਾਰਤ ਸਾਥ ਨਹੀਂ ਛੱਡੇਗਾ। 

PM ਮੋਦੀ ਦਾ ਪਾਪੁਆ ਨਿਊ ਗਿਨੀ ’ਚ ਸੰਮੇਲਨ ਦੌਰਾਨ 14 ਪ੍ਰਸ਼ਾਂਤ ਦੇਸ਼ਾਂ ਨੂੰ ਭਰੋਸਾ, ਔਖੇ ਵੇਲੇ ਭਾਰਤ ਸਾਥ ਨਹੀਂ ਛੱਡੇਗਾ। 

ਹਿੰਦ-ਪ੍ਰਸ਼ਾਂਤ ਖੇਤਰ ’ਚ ਭਾਰਤ ਦੀ ਹਾਜ਼ਰੀ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤ ਨੂੰ ਪ੍ਰਸ਼ਾਂਤ ਸਾਗਰ ਦੇ 14 ਟਾਪੂ ਦੇਸ਼ਾਂ ਦਾ ‘ਭਰੋਸੇਯੋਗ ਭਾਈਵਾਲ’ ਦੱਸਿਆ। ਪਾਪੁਆ ਨਿਊ ਗਿਨੀ ’ਚ ਆਯੋਜਿਤ ਹਿੰਦ-ਪ੍ਰਸ਼ਾਂਤ ਟਾਪੂ ਸਹਿਯੋਗ ਮੰਚ (ਐੱਫ. ਆਈ. ਪੀ. ਆਈ. ਸੀ.) ਸਿਖਰ ਸੰਮੇਲਨ ’ਚ ਪ੍ਰਸ਼ਾਂਤ ਸਾਗਰ ਦੇ 14 ਟਾਪੂ ਦੇਸ਼ਾਂ ਦੇ ਸਿਖਰਲੇ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਭਰੋਸਾ ਦਿੱਤਾ। ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਉਨ੍ਹਾਂ ਨੇ ਅਸਿੱਧੇ ਤੌਰ ’ਤੇ ਚੀਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੁਸ਼ਕਿਲ ਦੌਰ ’ਚ ਪੁਰਾਣੀ ਕਹਾਵਤ ਠੀਕ ਸਾਬਤ ਹੋਈ ਕਿ ‘ਸੱਚਾ ਮਿੱਤਰ ਉਹੀ ਹੈ, ਜੋ ਔਖੀ ਘੜੀ ’ਚ ਕੰਮ ਆਏ।’ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਵਿਸ਼ਵਾਸਪਾਤਰ ਮੰਨਿਆ ਜਾਂਦਾ ਸੀ, ਉਹ ਲੋੜ ਵੇਲੇ ਇਸ ਖੇਤਰ ਦੇ ਨਾਲ ਨਹੀਂ ਖੜ੍ਹੇ ਸਨ।

ਕੋਵਿਡ-19 ਮਹਾਮਾਰੀ ਅਤੇ ਹੋਰ ਕੌਮਾਂਤਰੀ ਵਿਕਾਸ ਦੇ ਉਲਟ ਅਸਰ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਚੁਣੌਤੀ ਭਰਪੂਰ ਸਮੇਂ ’ਚ ਪ੍ਰਸ਼ਾਂਤ ਦੇ ਟਾਪੂ ਦੇਸ਼ਾਂ ਦੇ ਨਾਲ ਖੜ੍ਹਾ ਰਿਹਾ, ਫਿਰ ਭਾਵੇਂ ਗੱਲ ਭਾਰਤ ’ਚ ਬਣੇ ਟੀਕਿਆਂ ਦੀ ਹੋਵੇ ਜਾਂ ਜ਼ਰੂਰੀ ਦਵਾਈਆਂ ਦੀ, ਜਾਂ ਕਣਕ ਜਾਂ ਖੰਡ ਦੀ ਗੱਲ ਹੋਵੇ, ਭਾਰਤ ਨੇ ਆਪਣੀ ਸਮਰੱਥਾ ਅਨੁਸਾਰ ਆਪਣੇ ਸਹਿਯੋਗੀ ਦੇਸ਼ਾਂ ਦੀ ਮਦਦ ਕਰਨੀ ਜਾਰੀ ਰੱਖੀ। ਮੋਦੀ ਨੇ ਪ੍ਰਸ਼ਾਂਤ ਦੇਸ਼ਾਂ ਨੂੰ ਕਿਹਾ ਉਹ ਨਵੀਂ ਦਿੱਲੀ ’ਤੇ ਭਰੋਸਾ ਕਰ ਸਕਦੇ ਹਨ, ਕਿਉਂਕਿ ਭਾਰਤ ਉਨ੍ਹਾਂ ਦੀਆਂ ਤਰਜੀਹਾਂ ਦਾ ਸਨਮਾਨ ਕਰਦਾ ਹੈ ਅਤੇ ਸਹਿਯੋਗ ਲਈ ਭਾਰਤ ਦਾ ਦ੍ਰਿਸ਼ਟੀਕੋਣ ਮਨੁੱਖੀ ਕਦਰਾਂ-ਕੀਮਤਾਂ ’ਤੇ ਆਧਾਰਿਤ ਹੈ। ਮੋਦੀ ਨੇ ਟਾਪੂ ਦੇਸ਼ਾਂ ਲਈ ਭਾਰਤ ਦੀ ਤਰਜੀਹ ਬਾਰੇ ਕਿਹਾ, ‘‘ਮੇਰੇ ਲਈ ਤੁਸੀਂ ਛੋਟੇ ਟਾਪੂ ਦੇਸ਼ ਨਹੀਂ ਹੋ, ਸਗੋਂ ਵੱਡੇ ਮਹਾਸਾਗਰ ਦੇ ਦੇਸ਼ ਹੋ। ਇਹ ਮਹਾਸਾਗਰ ਭਾਰਤ ਨੂੰ ਤੁਹਾਡੇ ਸਾਰਿਆਂ ਨਾਲ ਜੋੜਦਾ ਹੈ। ਭਾਰਤੀ ਵਿਚਾਰਧਾਰਾ ’ਚ ਪੂਰੀ ਦੁਨੀਆ ਨੂੰ ਇਕ ਪਰਿਵਾਰ ਦੇ ਰੂਪ ’ਚ ਵੇਖਿਆ ਜਾਂਦਾ ਹੈ।

ਉਨ੍ਹਾਂ ਕਿਹਾ, ‘‘ਅਸੀਂ ਬਿਨਾਂ ਕਿਸੇ ਝਿੱਜਕ ਦੇ ਤੁਹਾਡੇ ਨਾਲ ਆਪਣੀ ਸਮਰੱਥਾ ਅਤੇ ਤਜ਼ੁਰਬੇ ਸਾਂਝੇ ਕਰਨ ਲਈ ਤਿਆਰ ਹਾਂ, ਫਿਰ ਭਾਵੇਂ ਹੀ ਉਹ ਡਿਜੀਟਲ ਤਕਨਾਲੋਜੀ ਹੋਵੇ ਜਾਂ ਪੁਲਾੜ ਤਕਨਾਲੋਜੀ, ਖਾਦ, ਸਿਹਤ ਸੁਰੱਖਿਆ ਹੋਵੇ ਜਾਂ ਖੁਰਾਕ ਸੁਰੱਖਿਆ, ਜਲਵਾਯੂ ਤਬਦੀਲੀ ਹੋਵੇ ਜਾਂ ਵਾਤਾਵਰਣ ਸੁਰੱਖਿਆ। ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ।’’ ਪਾਪੁਆ ਨਿਊ ਗਿਨੀ ਦੀ ਰਾਜਧਾਨੀ ’ਚ ਆਯੋਜਿਤ ਇਸ ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨੇ ਅਜਿਹੇ ਸਮੇਂ ’ਚ ਇਹ ਟਿੱਪਣੀਆਂ ਕੀਤੀਆਂ ਹਨ, ਜਦੋਂ ਚੀਨ ਖੇਤਰ ’ਚ ਹਮਲਾਵਰ ਰਵੱਈਆ ਅਪਨਾ ਰਿਹਾ ਹੈ ਅਤੇ ਪ੍ਰਸ਼ਾਂਤ ਦੇਸ਼ਾਂ ’ਤੇ ਆਪਣਾ ਪ੍ਰਭਾਵ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।


ਪ੍ਰਸ਼ਾਂਤ ਦੇਸ਼ਾਂ ਲਈ ਤੋਹਫੇ
ਪ੍ਰਸ਼ਾਂਤ ਦੇ ਸਾਰੇ 14 ਟਾਪੂ ਦੇਸ਼ਾਂ ’ਚ ਡਾਇਲਸਿਸ ਯੁਨਿਟ ਸਥਾਪਤ ਹੋਣਗੇ

 

ਸਾਰੇ 14 ਦੇਸ਼ਾਂ ’ਚ ਸਸਤੀਆਂ ਦਵਾਈਆਂ ਦੇ ‘ਜਨ ਔਸ਼ਧੀ ਕੇਂਦਰ’ ਖੋਲ੍ਹਾਂਗੇ
 

ਹਰੇਕ ਦੇਸ਼ ’ਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਖੇਤਰ ’ਚ ਵਿਕਾਸ ਪ੍ਰਾਜੈਕਟ
 

ਸਮੁੰਦਰੀ ਐਂਬੁਲੈਂਸ ਸਮੇਤ ਸਿਹਤ ਸੇਵਾ ਅਤੇ ਸਾਈਬਰ ਸਪੇਸ ’ਚ ਸਹਾਇਤਾ
 

ਪਾਣੀ ਦੀ ਕਮੀ ਦੂਰ ਕਰਨ ਲਈ ਹਰੇਕ ਦੇਸ਼ ’ਚ ਡੀਸਲੀਨੇਸ਼ਨ ਯੂਨਿਟ
 

ਪਲਾਊ ’ਚ ਰੇਡੀਓ ਐਕਸੈੱਸ ਨੈੱਟਵਰਕ (ਆਰ. ਏ. ਐੱਨ.) ਸਥਾਪਤ ਹੋਵੇਗਾ
 

ਫਿਜ਼ੀ ’ਚ ਇਕ ਸੁਪਰ-ਸਪੈਸ਼ਲਿਅਟੀ ਕਾਰਡੀਓਲੋਜੀ ਹਸਪਤਾਲ ਬਣੇਗਾ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਪੁਆ ਨਿਊ ਗਿਨੀ ਅਤੇ ਫਿਜ਼ੀ ਨੇ ਆਪਣੇ-ਆਪਣੇ ਦੇਸ਼ਾਂ ਦੇ ਸਰਵਉੱਚ ਸਨਮਾਨਾਂ ਨਾਲ ਸਨਮਾਨਿਤ ਕੀਤਾ। ਇਨ੍ਹਾਂ ਦੋਵਾਂ ਪ੍ਰਸ਼ਾਂਤ ਦੇਸ਼ਾਂ ਦੇ ਸਰਵਉੱਚ ਸਨਮਾਨ ਨਾਲ ਕਿਸੇ ਹੋਰ ਦੇਸ਼ ਦੇ ਵਿਅਕਤੀ ਨੂੰ ਸਨਮਾਨਿਤ ਕੀਤਾ ਜਾਣਾ ਅਨੋਖੀ ਗੱਲ ਹੈ। ਇਕ ਵਿਸ਼ੇਸ਼ ਸਮਾਰੋਹ ’ਚ ਪਾਪੁਆ ਨਿਊ ਗਿਨੀ ਦੇ ਗਵਰਨਰ-ਜਨਰਲ ਸਰ ਬਾਬ ਡਾਡੇ ਨੇ ਪ੍ਰਧਾਨਮੰ ਤਰੀ ਮੋਦੀ ਨੂੰ ‘ਗ੍ਰੈਂਡ ਕੰਪੈਨੀਅਨ ਆਫ ਦਿ ਆਰਡਰ ਆਫ ਲੋਗੋਹੁ’ (ਜੀ. ਸੀ. ਐੱਲ.) ਨਾਲ ਸਨਮਾਨਿਤ ਕੀਤਾ। ਇਹ ਦੇਸ਼ ਦਾ ਸਰਵਉੱਚ ਨਾਗਰਿਕ ਐਵਾਰਡ ਹੈ ਅਤੇ ਐਵਾਰਡ ਪ੍ਰਾਪਤ ਕਰਨ ਵਾਲਿਆਂ ਨੂੰ ‘ਚੀਫ’ ਦਾ ਖਿਤਾਬ ਦਿੱਤਾ ਜਾਂਦਾ ਹੈ। ਫਿਜ਼ੀ ਦੇ ਪ੍ਰਧਾਨ ਮੰਤਰੀ ਸਿਤਵਿਨੀ ਰਾਬੁਕਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦੇ ਸਰਵਉੱਚ ਸਨਮਾਨ ‘ਕੰਪੈਨੀਅਨ ਆਫ ਦਿ ਆਰਡਰ ਆਫ ਫਿਜ਼ੀ’ ਨਾਲ ਸਨਮਾਨਿਤ ਕੀਤਾ। ਮੋਦੀ ਨੂੰ ਉਨ੍ਹਾਂ ਦੀ ਗਲੋਬਲ ਲੀਡਰਸ਼ਿਪ ਲਈ ਇਹ ਸਨਮਾਨ ਦਿੱਤਾ ਗਿਆ।