10ਵੀਂ ਵਾਰ IPL ਫ਼ਾਈਨਲ ਖੇਡੇਗੀ ਚੇਨਈ ਸੁਪਰ ਕਿੰਗਜ਼ , ਗੁਜਰਾਤ ਨੂੰ ਮਿਲੇਗਾ ਇਕ ਹੋਰ ਮੌਕਾ। 

10ਵੀਂ ਵਾਰ IPL ਫ਼ਾਈਨਲ ਖੇਡੇਗੀ ਚੇਨਈ ਸੁਪਰ ਕਿੰਗਜ਼ , ਗੁਜਰਾਤ ਨੂੰ ਮਿਲੇਗਾ ਇਕ ਹੋਰ ਮੌਕਾ। 

ਅੱਜ ਚੇਨਈ ਸੁਪਰ ਕਿੰਗਜ਼ ਨੇ IPL 2023 ਦੇ ਕੁਆਲੀਫ਼ਾਇਰ-1 ਵਿਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੂੰ ਹਰਾ ਕੇ ਫ਼ਾਈਨਲ ਵਿਚ ਜਗ੍ਹਾ ਬਣਾ ਲਈ ਹੈ। ਚੇਨਈ ਸੁਪਰ ਕਿੰਗਜ਼ 10ਵੀਂ ਵਾਰ IPL ਦਾ ਫ਼ਾਈਨਲ ਮੁਕਾਬਲਾ ਖੇਡੇਗੀ। ਹਾਲਾਂਕਿ ਗੁਜਰਾਤ ਟਾਈਟਨਸ ਨੂੰ ਫ਼ਾਈਨਲ ਵਿਚ ਜਾਣ ਦਾ ਇਕ ਹੋਰ ਮੌਕਾ ਮਿਲੇਗਾ। ਇਹ ਭਲਕੇ ਮੁੰਬਈ ਇੰਡੀਅਨਜ਼ ਤੇ ਲਖ਼ਨਊ ਸੁਪਰ ਜਾਇੰਟਸ ਵਿਚਾਲੇ ਖੇਡੇ ਜਾ ਰਹੇ ਐਲੀਮਿਨੇਟਰ ਦੇ ਜੇਤੂ ਨਾਲ ਕੁਆਲੀਫ਼ਾਇਰ-2 ਵਿਚ ਖੇਡੇਗੀ। ਇਸ ਦੀ ਜੇਤੂ ਦਾ ਮੁਕਾਬਲਾ ਫ਼ਾਈਨਲ ਵਿਚ ਚੇਨਈ ਨਾਲ ਹੋਵੇਗਾ।

ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਚੇਨਈ ਸੁਪਰ ਕਿੰਗਜ਼ ਨੂੰ ਸਲਾਮੀ ਬੱਲੇਬਾਜ਼ਾਂ ਰੁਤੂਰਾਜ ਗਾਇਕਵਾੜ (60) ਤੇ ਡੇਵਿਡ ਕਾਨਵੇ (40) ਨੇ ਸ਼ਾਨਦਾਰ ਸ਼ੁਰੂਆਤ ਦੁਆਈ। ਦੋਹਾਂ ਨੇ ਪਹਿਲੀ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕੀਤੀ। ਰੁਤੂਰਾਜ ਗਾਇਕਵਾੜ 44 ਗੇਂਦਾਂ ਵਿਚ 60 ਦੌੜਾਂ ਬਣਾ ਕੇ ਮੋਹਿਤ ਸ਼ਰਮਾ ਦੀ ਗੇਂਦ 'ਤੇ ਆਊਟ ਹੋ ਗਿਆ। ਇਸ ਵਿਕਟ ਤੋਂ ਬਾਅਦ ਗੁਜਰਾਤ ਦੇ ਗੇਂਦਬਾਜ਼ਾਂ ਨੇ ਮੈਚ ਵਿਚ ਵਾਪਸੀ ਕੀਤੀ ਤੇ ਦੌੜਾਂ ਦੀ ਰਫ਼ਤਾਰ ਮੱਠੀ ਪਾਈ। ਸਲਾਮੀ ਬੱਲੇਬਾਜ਼ਾਂ ਤੋਂ ਇਲਾਵਾ ਬਾਕੀ ਬੱਲੇਬਾਜ਼ਾਂ ਨੂੰ ਸ਼ੁਰੂਆਤ ਤਾਂ ਮਿਲੀ ਪਰ ਉਹ ਕੋਈ ਵੱਡਾ ਸਕੋਰ ਨਹੀਂ ਬਣਾ ਸਕੇ। ਅਖ਼ੀਰਲੇ ਓਵਰ ਵਿਚ ਰਵਿੰਦਰ ਜਡੇਜਾ ਤੇ ਮੋਇਨ ਅਲੀ ਨੇ ਕੁੱਝ ਚੰਗੇ ਸ਼ਾਰਟਸ ਖੇਡ ਕੇ ਟੀਮ ਨੂੰ ਚੰਗਾ ਸਕੋਰ ਖੜ੍ਹਾ ਕਰਨ ਵਿਚ ਸਹਾਇਤਾ ਕੀਤੀ। ਇਨ੍ਹਾਂ ਪਾਰੀਆਂ ਸਦਕਾ ਚੇਨਈ ਨੇ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ। ਮੁਹੰਮਦ ਸ਼ਮੀ ਤੇ ਮੋਹਿਤ ਸ਼ਰਮਾ ਨੇ 2-2 ਅਤੇ ਦਰਸ਼ਨ ਨਾਲਕੰਡੇ, ਰਾਸ਼ਿਦ ਖ਼ਾਨ ਤੇ ਨੂਰ ਅਹਿਮਦ ਨੇ 1-1 ਵਿਕਟ ਆਪਣੇ ਨਾਂ ਕੀਤੀ। 

ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਸ ਨੂੰ ਦੀਪਕ ਚਾਹਰ ਨੇ ਪਹਿਲਾ ਝਟਕਾ ਦਿੱਤਾ। ਰਿਧੀਮਾਨ ਸਾਹਾ 12 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਸ਼ੁਭਮਨ ਗਿੱਲ ਨੇ 42 ਦੌੜਾਂ ਬਣਾਈਆਂ ਪਰ ਬਾਕੀ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਅਖ਼ੀਰ ਵਿਚ ਰਾਸ਼ਿਦ ਖ਼ਾਨ ਨੇ 16 ਗੇਂਦਾਂ ਵਿਚ 30 ਦੌੜਾਂ ਬਣਾਈਆਂ ਪਰ ਇਹ ਟੀਮ ਨੂੰ ਜਿੱਤ ਦਵਾਉਣ ਲਈ ਕਾਫ਼ੀ ਨਹੀਂ ਸਨ। ਅਖ਼ੀਰ ਗੁਜਰਾਤ ਦੀ ਟੀਮ 157 ਦੌੜਾਂ ਹੀ ਬਣਾ ਸਕੀ ਤੇ ਇਸ ਤਰ੍ਹਾਂ ਇਹ ਮੁਕਾਬਲਾ ਹਾਰ ਗਈ।