ਪੰਜਾਬ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ-ਮੋਟਰਸਾਈਕਲ ਦੀ ਟੱਕਰ ਵਿੱਚ 2 ਨੌਜਵਾਨਾਂ ਦੀ ਮੌਤ

ਪੰਜਾਬ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ-ਮੋਟਰਸਾਈਕਲ ਦੀ ਟੱਕਰ ਵਿੱਚ 2 ਨੌਜਵਾਨਾਂ ਦੀ ਮੌਤ

ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨੰਬਰ 703 ’ਤੇ ਮੋਗਾ ਪੁਲ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕ ਤੇਜ਼ ਰਫਤਾਰ ਆਈ ਟਵੰਟੀ (i20) ਕਾਰ ਵੱਲੋਂ ਮੋਟਰਸਾਈਕਲ ਨੂੰ ਪਿਛਿਓਂ ਮਾਰੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਅਤੇ ਕਾਰ ਚਾਲਕ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ ਅਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ।

ਦੁੱਧ ਪਾ ਕੇ ਘਰ ਪਰਤ ਰਿਹਾ ਸੀ ਮੋਟਰਸਾਈਕਲ ਚਾਲਕ

ਜਾਣਕਾਰੀ ਅਨੁਸਾਰ, ਮ੍ਰਿਤਕ ਬੂਟਾ ਸਿੰਘ (ਪੁੱਤਰ ਸਵ. ਰੁਲਦੂ ਸਿੰਘ), ਜੋ ਕਿ ਗੁਰਸੇਵਕ ਨਗਰ ਬਠਿੰਡਾ ਦਾ ਰਹਿਣ ਵਾਲਾ ਸੀ, ਬਰਨਾਲਾ ਟੀ-ਪੁਆਇੰਟ ’ਤੇ ਦੁੱਧ ਪਾਉਣ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਹੰਡਿਆਇਆ ਚੌਕ ਰਾਹੀਂ ਵਾਪਸ ਘਰ ਪਰਤ ਰਿਹਾ ਸੀ। ਜਦੋਂ ਉਹ ਨੈਸ਼ਨਲ ਹਾਈਵੇ 703 ’ਤੇ ਮੋਗਾ ਪੁਲ ਕੋਲ ਪਹੁੰਚਿਆ, ਤਾਂ ਪਿੱਛੋਂ ਆ ਰਹੀ ਇਕ ਬੇਕਾਬੂ ਤੇ ਤੇਜ਼ ਰਫਤਾਰ ਆਈ-20 ਕਾਰ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ।

ਦਰੱਖਤ ਨਾਲ ਜਾ ਟਕਰਾਈ ਤੇਜ਼ ਰਫਤਾਰ ਕਾਰ

ਚਸ਼ਮਦੀਦਾਂ ਅਨੁਸਾਰ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਉਹ ਮੋਟਰਸਾਈਕਲ ਚਾਲਕ ਨੂੰ ਕਾਫੀ ਦੂਰ ਤੱਕ ਘਸੀਟਦੀ ਹੋਈ ਲੈ ਗਈ। ਇਸ ਤੋਂ ਬਾਅਦ ਕਾਰ ਸੜਕ ਕੰਢੇ ਖੜ੍ਹੇ ਟਾਹਲੀ ਦੇ ਇਕ ਵੱਡੇ ਦਰੱਖਤ ਨਾਲ ਜਾ ਟਕਰਾਈ ਅਤੇ ਕਾਫੀ ਦੂਰ ਜਾ ਕੇ ਰੁਕੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਤੇ ਮੋਟਰਸਾਈਕਲ ਦੋਵਾਂ ਦੇ ਪਰਖੱਚੇ ਉੱਡ ਗਏ।

ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ

ਹਾਦਸੇ ਤੋਂ ਤੁਰੰਤ ਬਾਅਦ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ ਗਿਆ। ਇੱਥੇ ਡਾਕਟਰਾਂ ਨੇ ਬੂਟਾ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੂਜੇ ਪਾਸੇ, ਕਾਰ ਚਾਲਕ ਹਰਪ੍ਰੀਤ ਸਿੰਘ (ਵਾਸੀ ਰਾਮਪੁਰਾ) ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਹਾਇਰ ਸੈਂਟਰ ਰੈਫਰ ਕੀਤਾ ਗਿਆ ਪਰ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ।

ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਮ੍ਰਿਤਕ ਬੂਟਾ ਸਿੰਘ ਆਪਣੇ ਪਿੱਛੇ ਪਤਨੀ, ਬਜ਼ੁਰਗ ਮਾਤਾ ਤੇ ਤਿੰਨ ਛੋਟੇ-ਛੋਟੇ ਬੱਚਿਆਂ ਨੂੰ ਰੋਂਦੇ-ਵਿਲਕਦੇ ਛੱਡ ਗਿਆ ਹੈ। ਉਹ ਆਪਣੇ ਘਰ ਦਾ ਇਕਲੌਤਾ ਕਮਾਊ ਜੀਅ ਸੀ। ਇਸ ਮੰਦਭਾਗੀ ਖਬਰ ਤੋਂ ਬਾਅਦ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਮਾਮਲੇ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਿਟੀ-2 ਦੇ ਸਹਾਇਕ ਥਾਣੇਦਾਰ ਬਲੀ ਰਾਮ ਭਾਂਡੇ ਨੇ ਦੱਸਿਆ ਕਿ ਪੁਲਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।