- Updated: July 20, 2023 11:37 AM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ 'ਚ ਦੋ ਔਰਤਾਂ ਨੂੰ ਨਗਨ ਕਰ ਕੇ ਪਰੇਡ ਕਰਾਏ ਜਾਣ ਦੀ ਘਟਨਾ 'ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇਹ ਘਟਨਾ ਕਿਸੇ ਵੀ ਸੱਭਿਆ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਹੈ ਅਤੇ ਇਸ ਨਾਲ ਪੂਰੇ ਦੇਸ਼ ਦੀ ਬੇਇੱਜ਼ਤੀ ਹੋਈ ਹੈ। ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਸਖ਼ਤੀ ਨਾਲ ਇਕ ਤੋਂ ਬਾਅਦ ਇਕ ਕਦਮ ਚੁੱਕੇਗਾ। ਉਨ੍ਹਾਂ ਨੇ ਕਿਹਾ ਕਿ ਮਣੀਪੁਰ ਦੀਆਂ ਧੀਆਂ ਨਾਲ ਜੋ ਹੋਇਆ ਹੈ, ਇਸ ਦੇ ਦੋਸ਼ੀਆਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਲੋਕਤੰਤਰ ਦੇ ਮੰਦਰ ਨੇੜੇ ਖੜ੍ਹਾ ਹੈ ਤਾਂ ਮੇਰਾ ਦਿਲ ਦਰਦ ਅਤੇ ਗੁੱਸੇ ਨਾਲ ਭਰਿਆ ਹੋਇਆ ਹੈ। ਮਣੀਪੁਰ ਵਿਚ ਜੋ ਘਟਨਾ ਸਾਹਮਣੇ ਆਈ ਹੈ, ਉਹ ਕਿਸੇ ਵੀ ਸੱਭਿਆ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਹੈ। ਪਾਪ ਕਰਨ ਵਾਲੇ, ਗੁਨਾਹ ਕਰਨ ਵਾਲੇ ਕਿੰਨੇ ਹਨ ਅਤੇ ਕੌਣ-ਕੌਣ ਹਨ, ਉਹ ਆਪਣੀ ਥਾਂ 'ਤੇ ਹੈ ਪਰ ਬੇਇੱਜ਼ਤੀ ਪੂਰੇ ਦੇਸ਼ ਦੀ ਹੋ ਰਹੀ ਹੈ। 140 ਕਰੋੜ ਦੇਸ਼ ਵਾਸੀਆਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ।
ਦੱਸਣਯੋਗ ਹੈ ਕਿ ਮਣੀਪੁਰ ਵਿਚ ਦੋ ਔਰਤਾਂ ਨੂੰ ਨਗਨ ਪਰੇਡ ਕਰ ਕੇ ਪਰੇਡ ਕਰਾਉਣ ਦੀ ਘਟਨਾ ਦਾ ਵੀਡੀਓ ਬੁੱਧਵਾਰ ਨੂੰ ਸਾਹਮਣੇ ਆਉਣ ਮਗਰੋਂ ਸੂਬੇ ਦੇ ਪਹਾੜੀ ਖੇਤਰ ਵਿਚ ਤਣਾਅ ਵੱਧ ਗਿਆ। 4 ਮਈ ਦੇ ਇਸ ਵੀਡੀਓ ਵਿਚ ਦਿੱਸ ਰਿਹਾ ਹੈ ਕਿ ਕੁਝ ਵਿਅਕਤੀ ਇਕ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਨਗਨ ਕਰ ਕੇ ਪਰੇਡ ਕਰਾ ਰਹੇ ਹਨ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।