- Updated: December 03, 2022 03:51 PM
ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਲਈ ਵੋਟਾਂ ਨੂੰ ਲੈ ਕੇ ਸੂਬੇ ’ਚ ਸਿਆਸੀ ਹਲ-ਚਲ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੂਜੇ ਪੜਾਅ ਦੀ ਵੋਟਿੰਗ ਲਈ ਭਾਜਪਾ ਦੇ ਪੱਖ ’ਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦਰਮਿਆਨ ਪ੍ਰਧਾਨ ਮੰਤਰੀ ਨੇ ਪੁਲਾੜ ਤੋਂ ਲਈਆਂ ਗਈਆਂ ਗੁਜਰਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਵੱਲੋਂ ਪੁਲਾੜ ਭੇਜੇ ਗਏ EOS-06 ਸੈਟੇਲਾਈਟ ਤੋਂ ਲਈਆਂ ਗਈਆਂ ਗੁਜਰਾਤ ਦੀਆਂ 4 ਤਸਵੀਰਾਂ ਆਪਣੇ ਟਵਿੱਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਹਨ। ਸਾਰੀਆਂ ਤਸਵੀਰਾਂ ਉਸ ਸਮੇਂ ਲਈਆਂ ਗਈਆਂ ਜਦੋਂ 26 ਨਵੰਬਰ 2022 ਨੂੰ ਇਸ ਸੈਟੇਲਾਈਟ ਨੂੰ ਪੁਲਾੜ ਭੇਜਿਆ ਗਿਆ ਸੀ।

ਤਸਵੀਰਾਂ ’ਚ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਕੀ ਤੁਸੀਂ ਹਾਲ ਹੀ ’ਚ ਲਾਂਚ ਕੀਤੇ ਗਏ EOS-06 ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵੇਖੀਆਂ ਹਨ। ਗੁਜਰਾਤ ਦੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਸਪੇਸ ਤਕਨਾਲੋਜੀ ਦੀ ਦੁਨੀਆ ’ਚ ਇਹ ਤਰੱਕੀ ਸਾਨੂੰ ਚੱਕਰਵਾਤਾਂ ਦੀ ਬਿਹਤਰ ਭਵਿੱਖਬਾਣੀ ਕਰਨ ਅਤੇ ਸਾਡੀ ਅਰਥਵਿਵਸਥਾ ਨੂੰ ਹੱਲਾ-ਸ਼ੇਰੀ ਦੇਣ ’ਚ ਮਦਦ ਕਰੇਗੀ।