ਪੰਜਾਬ ‘ਚ ਅੱਤਵਾਦੀ ਸਾਜ਼ਿਸ਼ ਨਾਕਾਮ, ਟ੍ਰੇਨ ਉਡਾਉਣ ਦਾ ਪਲਾਨ ਸੀ , ਪੁਲਿਸ ਨੇ 17 ਦੋਸ਼ੀ ਫੜੇ

ਪੰਜਾਬ ‘ਚ ਅੱਤਵਾਦੀ ਸਾਜ਼ਿਸ਼ ਨਾਕਾਮ, ਟ੍ਰੇਨ ਉਡਾਉਣ ਦਾ ਪਲਾਨ ਸੀ , ਪੁਲਿਸ ਨੇ 17 ਦੋਸ਼ੀ ਫੜੇ

ਪੰਜਾਬ ਪੁਲਿਸ ਨੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਫਿਰੋਜ਼ਪੁਰ ਤੋਂ ਜੰਮੂ ਜਾ ਰਹੀ ਰੇਲਗੱਡੀ ਵਿੱਚ ਆਈਈਡੀ ਲਗਾ ਕੇ ਵੱਡਾ ਧਮਾਕਾ ਕਰਨ ਦੀ ਯੋਜਨਾ ਵੀ ਬਣਾਈ ਸੀ। ਪੁਲਿਸ ਨੇ ਸਮੇਂ ਸਿਰ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਮੁਲਜ਼ਮਾਂ ਤੋਂ ਅਪਰਾਧ ਵਿੱਚ ਵਰਤੀ ਗਈ ਸਪਲੈਂਡਰ ਮੋਟਰਸਾਈਕਲ, ਇੱਕ ਮੈਗਜ਼ੀਨ ਵਾਲਾ 9 ਐਮਐਮ ਗਲੌਕ ਪਿਸਤੌਲ ਅਤੇ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਦਿੱਤੀ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਪੂਰੀ ਸਾਜ਼ਿਸ਼ ਦਾ ਮਾਸਟਰਮਾਈਂਡ ਇਕਬਾਲ ਸਿੰਘ ਉਰਫ਼ ਰਵੀ ਧਾਲੀਵਾਲ ਇਸ ਸਮੇਂ ਯੂਕੇ ਵਿੱਚ ਰਹਿ ਰਿਹਾ ਹੈ। ਇਸ ਤੋਂ ਇਲਾਵਾ ਮੁਲਜ਼ਮ 8 ਜੁਲਾਈ ਨੂੰ ਮੋਗਾ ਦੇ ਸਦਰ ਪੁਲਿਸ ਸਟੇਸ਼ਨ ਦੇ ਅਹਾਤੇ ਵਿੱਚ ਹੋਏ ਗ੍ਰਨੇਡ ਧਮਾਕੇ ਵਿੱਚ ਸ਼ਾਮਲ ਸਨ।

ਫਰੀਦਕੋਟ ਰੇਂਜ ਦੇ ਆਈਜੀ ਨੀਲਾਂਬਰੀ ਜਗਦਲੇ ਵਿਜੇ ਨੇ ਮੋਗਾ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਵਿੱਚ ਐਸਐਸਪੀ ਸਰਤਾਜ ਸਿੰਘ ਚਾਹਲ, ਐਸਪੀ ਬਾਲ ਕਿਸ਼ਨ ਸਿੰਗਲਾ, ਸੀਆਈਏ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ। ਜਾਂਚ ਲਈ 10 ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ।