- Updated: January 10, 2024 10:20 AM
ਲੁਧਿਆਣਾ ਸੀਆਈਏ-2 ਦੀ ਟੀਮ ਨੇ ਗੈਂਗਸਟਰ ਸੰਦੀਪ ਲੁਧਿਆਣਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਸੰਦੀਪ ਕੋਲੋਂ 32 ਬੋਰ ਦਾ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਸੰਦੀਪ ਦਾ ਲੁਧਿਆਣਾ ਵਿਚ ਇਕ ਗਰੁੱਪ ਬਣਿਆ ਹੋਇਆ ਹੈ, ਜਿਸ ਵਿਚ ਸੈਂਕੜੇ ਨੌਜਵਾਨ ਸ਼ਾਮਲ ਦੱਸੇ ਜਾਂਦੇ ਹਨ। ਸੰਦੀਪ ਅਤੇ ਉਸ ਦੇ ਦੋਸਤਾਂ ਨੂੰ ਸਿਆਸੀ ਰੈਲੀਆਂ ਵਿਚ ਵੀ ਆਮ ਦੇਖਿਆ ਜਾਂਦਾ ਸੀ।
ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਟੀਮ ਨੇ ਸੰਦੀਪ ਨੂੰ ਭਾਮੀਆਂ ਇਲਾਕੇ ਵਿਚ ਉਸ ਦੇ ਘਰੋਂ ਕਾਬੂ ਕੀਤਾ ਹੈ। ਸੰਦੀਪ ਗੋਰੂ ਬੱਚਾ ਦਾ ਸਾਥੀ ਹੈ। ਉਸ ਦਾ ਗੈਂਗਸਟਰ ਪੁਨੀਤ ਬੈਂਸ ਗਰੁੱਪ ਅਤੇ ਜਤਿੰਦਰ ਜਿੰਦੀ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸ਼ਹਿਰ ਵਿਚ ਅਪਣੀ ਸਰਦਾਰੀ ਕਾਇਮ ਕਰਨ ਲਈ, ਸੰਦੀਪ ਅਤੇ ਉਸ ਦੇ ਦੋਸਤ ਅਕਸਰ ਹਥਿਆਰਾਂ ਬਾਰੇ ਗੀਤ ਗਾਉਂਦੇ ਹੋਏ ਗੰਨਮੈਨਾਂ ਨਾਲ ਸੋਸ਼ਲ ਮੀਡੀਆ 'ਤੇ ਰੀਲਜ਼ ਪੋਸਟ ਕਰਦੇ ਰਹਿੰਦੇ ਹਨ।ਪੁਲਿਸ ਹੁਣ ਸੰਦੀਪ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਮੋਬਾਈਲ ਡਿਟੇਲ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਰਿਕਾਰਡ ਅਨੁਸਾਰ ਸੰਦੀਪ ਵਿਰੁਧ 10 ਤੋਂ 12 ਅਪਰਾਧਿਕ ਮਾਮਲੇ ਦਰਜ ਹਨ। ਦੇਰ ਰਾਤ ਤਕ ਪੁਲਿਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਦੱਸ ਦੇਈਏ ਕਿ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਚਾਰਜ ਸੰਭਾਲਣ ਤੋਂ ਬਾਅਦ ਸ਼ਹਿਰ ਵਿਚ ਗੈਂਗਸਟਰਾਂ ਦੀਆਂ ਸੂਚੀਆਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਜੇਲ੍ਹ ਵਿਚੋਂ ਜ਼ਮਾਨਤ ਆਦਿ ’ਤੇ ਆਏ ਗੈਂਗਸਟਰਾਂ ’ਤੇ ਪੁਲਿਸ ਨਜ਼ਰ ਰੱਖ ਰਹੀ ਹੈ।
ਸੂਤਰਾਂ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਹੈ ਕਿ ਸੰਦੀਪ ਵੱਡੇ ਪੱਧਰ 'ਤੇ ਜੂਆ ਰੈਕੇਟ ਵੀ ਚਲਾ ਰਿਹਾ ਹੈ। ਗੋਰੂ ਬੱਚਾ ਦਾ ਸਾਥੀ ਹੋਣ ਕਾਰਨ ਪੁਲਿਸ ਸੰਦੀਪ ਅਤੇ ਉਸ ਦੇ ਕਰੀਬੀਆਂ ਦੇ ਮੋਬਾਈਲ ਡਿਟੇਲ 'ਤੇ ਵੀ ਨਜ਼ਰ ਰੱਖ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਪੁਲਿਸ ਉਸ ਦੇ ਕਰੀਬੀਆਂ 'ਤੇ ਵੀ ਸ਼ਿਕੰਜਾ ਕੱਸਣ ਜਾ ਰਹੀ ਹੈ।