- Updated: March 07, 2026 11:42 AM
ਅੰਮ੍ਰਿਤਸਰ ਅਧੀਨ ਪੈਂਦੇ ਰਾਜਾਸਾਂਸੀ ਹਲਕੇ ਦੇ ਪਿੰਡ ਜਗਦੇਵ ਕਲਾਂ ਵਿੱਚ ਘਰੇਲੂ ਝਗੜੇ ਨੂੰ ਲੈ ਕੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁਝ ਵਿਅਕਤੀਆਂ ਵੱਲੋਂ ਘਰ ‘ਤੇ ਹਮਲਾ ਕਰਕੇ ਪੁਲਿਸ ਕਾਂਸਟੇਬਲ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ ਅਤੇ ਪਰਿਵਾਰ ਵੱਲੋਂ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਜਗਦੇਵ ਕਲਾਂ ਦੇ ਰਹਿਣ ਵਾਲੇ ਪੁਲਿਸ ਕਾਂਸਟੇਬਲ ਜਗਜੀਤ ਸਿੰਘ, ਜੋ ਕਿ ਗੁਰਦਾਸਪੁਰ ਵਿੱਚ ਇੱਕ ਡੀ.ਐਸ.ਪੀ. ਦੇ ਨਾਲ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ, ਕੱਲ੍ਹ ਸ਼ਾਮ ਹੀ ਆਪਣੀ ਡਿਊਟੀ ਤੋਂ ਵਾਪਸ ਆਪਣੇ ਘਰ ਪਿੰਡ ਜਗਦੇਵ ਕਲਾਂ ਪਹੁੰਚਿਆ ਸੀ। ਇਸ ਦੌਰਾਨ ਕਿਸੇ ਪੁਰਾਣੇ ਘਰੇਲੂ ਝਗੜੇ ਨੂੰ ਲੈ ਕੇ ਪਿੰਡ ਦੇ ਹੀ ਕੁਝ ਵਿਅਕਤੀ ਉਸ ਦੇ ਘਰ ਆ ਪਹੁੰਚੇ ਅਤੇ ਹਮਲਾ ਕਰ ਦਿੱਤਾ।
ਮ੍ਰਿਤਕ ਦੀ ਭਤੀਜੀ ਜਤਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਬਲਰਾਜ ਸਿੰਘ, ਜੋ ਉਸ ਦਾ ਰਿਸ਼ਤੇਦਾਰ ਵੀ ਸੀ, ਕਰੀਬ 8 ਤੋਂ 10 ਵਿਅਕਤੀਆਂ ਦੇ ਨਾਲ ਗੱਡੀਆਂ ‘ਤੇ ਸਵਾਰ ਹੋ ਕੇ ਉਸ ਦੇ ਘਰ ਆਇਆ। ਆਉਂਦਿਆਂ ਹੀ ਉਸ ਨੇ ਜਗਜੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਗਜੀਤ ਸਿੰਘ ਦੇ ਸਿਰ ‘ਤੇ ਰਾਡ ਵੱਜਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਥੱਲੇ ਡਿੱਗ ਪਿਆ।
ਹਮਲੇ ਤੋਂ ਬਾਅਦ ਕਥਿਤ ਦੋਸ਼ੀ ਰਾਡਾਂ ਅਤੇ ਡੰਡੇ ਸੋਟੇ ਲੈ ਕੇ ਆਪਣੀਆਂ ਗੱਡੀਆਂ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਵੱਲੋਂ ਜਗਜੀਤ ਸਿੰਘ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਸਬੰਧੀ ਥਾਣਾ ਰਾਜਾਸਾਂਸੀ ਦੀ ਐਸ.ਐਚ.ਓ. ਹਰਸਿਮਰਤ ਕੌਰ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਥਿਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਮ੍ਰਿਤਕ ਜਗਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅਜਨਾਲਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਸਵੇਰੇ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ।