- Updated: May 25, 2026 04:59 PM
ਸੋਮਵਾਰ ਨੂੰ ਕਾਮੇਡੀਅਨ-ਅਦਾਕਾਰ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ ਦੇ ਬਾਹਰ ਗੋਲੀਬਾਰੀ ਦੀਆਂ ਖਬਰਾਂ ਆਈਆਂ। ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਹਮਲਾਵਰ ਮੋਟਰਸਾਈਕਲ ‘ਤੇ ਆਏ ਦੋ ਗੋਲੀਆਂ ਚਲਾਈਆਂ ਅਤੇ ਭੱਜ ਗਏ। ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਨ੍ਹਾਂ ਖਬਰਾਂ ਵਿਚਾਲੇ ਏਸੀਪੀ ਕਮਲਜੀਤ ਸਿੰਘ ਔਲਖ ਨੇ ਦੱਸਿਆ ਕਿ ਗੋਲੀਬਾਰੀ ਦੀ ਪੁਸ਼ਟੀ ਨਹੀਂ ਹੋਈ ਹੈ। ਕਪਿਲ ਸ਼ਰਮਾ ਦਾ ਘਰ ਅੰਮ੍ਰਿਤਸਰ ਦੇ ਪੌਸ਼ ਇਲਾਕੇ ਹੋਲੀ ਸਿਟੀ ਵਿੱਚ ਸਥਿਤ ਹੈ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ, ਨਿਵਾਸੀਆਂ ਦੇ ਬਿਆਨ ਦਰਜ ਕੀਤੇ ਅਤੇ ਘਰ ਅਤੇ ਨੇੜਲੇ ਵੀਆਈਪੀ ਰਿਹਾਇਸ਼ਾਂ ਤੋਂ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ। ਕਪਿਲ ਦੇ ਭੈਣ ਤੇ ਜੀਜਾ ਇਸ ਘਰ ਵਿੱਚ ਰਹਿੰਦੇ ਹਨ, ਜਦੋਂ ਕਿ ਕਪਿਲ ਸ਼ਰਮਾ ਇਸ ਸਮੇਂ ਆਪਣੇ ਪਰਿਵਾਰ ਨਾਲ ਮੁੰਬਈ ਵਿੱਚ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਕੁਝ ਗੈਰ-ਜ਼ਿੰਮੇਵਾਰ ਵਿਅਕਤੀ ਗੋਲੀਬਾਰੀ ਬਾਰੇ ਅਫਵਾਹਾਂ ਫੈਲਾ ਰਹੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਫਵਾਹ ਨੂੰ ਨਜ਼ਰਅੰਦਾਜ਼ ਕਰਨ ਅਤੇ ਸਿਰਫ਼ ਅਧਿਕਾਰਤ ਸਰੋਤਾਂ ਤੋਂ ਪ੍ਰਾਪਤ ਪ੍ਰਮਾਣਿਕ ਜਾਣਕਾਰੀ ‘ਤੇ ਭਰੋਸਾ ਕਰਨ।

ਦੱਸ ਦੇਈਏ ਕਿ ਕਪਿਲ ਸ਼ਰਮਾ ਦੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਸਥਿਤ ਕੈਪਸ ਕੈਫੇ ‘ਤੇ ਜੁਲਾਈ, ਅਗਸਤ ਅਤੇ ਅਕਤੂਬਰ 2025 ਵਿੱਚ ਵੀ ਗੋਲੀਬਾਰੀ ਕੀਤੀ ਗਈ ਸੀ। ਜੁਲਾਈ ਹਮਲੇ ਵਿੱਚ ਹਮਲਾਵਰਾਂ ਨੇ ਕੈਫੇ ‘ਤੇ ਨੌਂ ਗੋਲੀਆਂ ਚਲਾਈਆਂ ਸਨ। ਫਿਰ ਅਗਸਤ ਵਿੱਚ ਕੈਫੇ ‘ਤੇ ਗੋਲੀਬਾਰੀ ਕੀਤੀ ਗਈ ਸੀ। ਕੈਫੇ ਦੀਆਂ ਖਿੜਕੀਆਂ ਵਿੱਚ ਛੇ ਗੋਲੀਆਂ ਦੇ ਛੇਕ ਅਤੇ ਟੁੱਟੇ ਹੋਏ ਸ਼ੀਸ਼ੇ ਦਿਖਾਈ ਦੇ ਰਹੇ ਸਨ। ਨਾਮੀ ਗੈਂਗ ਦੀ ਇੱਕ ਪੋਸਟ ਵਾਇਰਲ ਹੋ ਗਈ, ਜਿਸ ਵਿੱਚ ਕਪਿਲ ਦੇ ਕੈਫੇ ‘ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਗਈ। ਅਕਤੂਬਰ ਵਿੱਚ ਕੈਫੇ ‘ਤੇ ਤੀਜੀ ਵਾਰ ਗੋਲੀਬਾਰੀ ਕੀਤੀ ਗਈ ਸੀ।