- Updated: May 22, 2026 06:26 PM
ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਦੌਰਾਨ ਉਸ ਵੇਲੇ ਇਕ ਵੱਡਾ ਸਿਆਸੀ ਭੂਚਾਲ ਆ ਗਿਆ ਜਦੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਚੋਣ ਪ੍ਰਚਾਰ ਦੌਰਾਨ ਦਿੱਤਾ ਇਕ ਜਨਤਕ ਬਿਆਨ ਸੋਸ਼ਲ ਮੀਡੀਆ ਅਤੇ ਸਿਆਸੀ ਗਲਿਆਰਿਆਂ ਵਿਚ ਤੇਜ਼ੀ ਨਾਲ ਵਾਇਰਲ ਹੋ ਗਿਆ। ਵਾਰਡ ਨੰਬਰ 5 ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਪਤਨੀ ਬਿੱਟੂ ਬਦੇਸ਼ਾ ਦੇ ਹੱਕ ਵਿਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਦਾਅਵਾ ਕੀਤਾ ਕਿ ਜੇਕਰ ਵੋਟਾਂ ਘੱਟ ਰਹੀਆਂ ਤਾਂ ਅਸੀਂ ਗੇਟ ਬੰਦ ਕਰਕੇ ਪੂਰੀਆਂ ਕਰ ਲਵਾਂਗੇ। ਵਿਧਾਇਕ ਦੇ ਇਸ ਬਿਆਨ ਨੇ ਚੋਣ ਪ੍ਰਕਿਰਿਆ ਦੀ ਨਿਰਪੱਖਤਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ਕਾਰਨ ਵਿਰੋਧੀ ਧਿਰਾਂ ਨੇ ਸੱਤਾਧਾਰੀ ਧਿਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਵਰਕਰਾਂ ਨੂੰ ਜਿੱਤ ਦਾ ਮੰਤਰ ਦਿੰਦਿਆਂ ਕਿਹਾ ਕਿ ਸਾਨੂੰ ਕਿਸੇ ਨਾਲ ਕੁੱਟਮਾਰ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਜਿੱਤਣਾ ਜ਼ਰੂਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਪਾਤੜਾਂ ਦਾ ਪ੍ਰਧਾਨ 'ਆਮ ਆਦਮੀ ਪਾਰਟੀ' ਦਾ ਬਣਾਉਣ ਲਈ ਉਹ 17 ਦੀਆਂ 17 ਸੀਟਾਂ ਜਿੱਤਣਗੇ, ਜਿਨ੍ਹਾਂ ਵਿਚੋਂ 4 ਸੀਟਾਂ 'ਆਪ' ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੀ ਹੈ।
ਆਪਣੇ ਭਾਸ਼ਣ ਦੌਰਾਨ ਵਿਧਾਇਕ ਨੇ ਵਿਰੋਧੀਆਂ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਦਿਨ ਬਿੱਟੂ ਬਦੇਸ਼ਾ ਨੇ ਜੋ 'ਐਪੀਸੋਡ' (ਡਰਾਮਾ/ਕਾਰਵਾਈ) ਦਿਖਾਇਆ ਸੀ, ਉਸ ਤੋਂ ਵਿਰੋਧੀਆਂ ਨੂੰ ਸਮਝ ਲੈਣਾ ਚਾਹੀਦਾ ਹੈ। ਉਨ੍ਹਾਂ ਤਨਜ਼ ਕਸਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਚੋਣਾਂ ਉੱਤੇ ਆਪਣੇ ਪੈਸੇ ਬਰਬਾਦ ਨਹੀਂ ਕਰਨੇ ਚਾਹੀਦੇ, ਕਿਉਂਕਿ ਅਸੀਂ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਜਿੱਤਣ ਨਹੀਂ ਦੇਣਾ।