ਪੰਜਾਬਣ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਭੇਦ-ਭਰੀ ਹਾਲਤ ''ਚ ਮੌਤ

ਪੰਜਾਬਣ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਭੇਦ-ਭਰੀ ਹਾਲਤ ''ਚ ਮੌਤ

ਕੈਨੇਡਾ ਦੇ ਬਰੈਂਪਟਨ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਇਥੇ ਪੰਜਾਬਣ ਦੀ ਭੇਦ-ਭਰੀ ਹਾਲਤ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਤਿਭਾ ਗੁਪਤਾ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੇ ਮੰਡੀ ਅਹਿਮਦਗੜ੍ਹ ਦੀ ਰਹਿਣ ਵਾਲੀ ਸੀ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਲਾਸ਼ ਉਸ ਦੇ ਕਿਰਾਏ ਦੇ ਘਰ ਦੀਆਂ ਪੌੜੀਆਂ ਕੋਲ ਪਈ ਮਿਲੀ ਸੀ ਅਤੇ ਉਸ ਦੇ ਸਰੀਰ 'ਤੇ ਬਾਹਰੋਂ ਕਿਸੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ।

ਘਟਨਾ ਦੇ ਮੌਕੇ ਮਕਾਨ ਮਾਲਕ ਖ਼ੁਦ ਅਮਰੀਕਾ ਗਿਆ ਹੋਇਆ ਸੀ। ਜਦੋਂ ਮਾਪਿਆਂ ਵੱਲੋਂ ਪ੍ਰਤਿਭਾ ਨੂੰ ਕੀਤੇ ਗਏ ਕਈ ਫ਼ੋਨਾਂ ਦਾ ਕੋਈ ਜਵਾਬ ਨਾ ਮਿਲਿਆ, ਤਾਂ ਉਨ੍ਹਾਂ ਨੇ ਉਸ ਦੀ ਕੰਪਨੀ ਦੇ ਮਾਲਕ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਕੰਪਨੀ ਮਾਲਕ ਨੇ ਇਸ ਮਾਮਲੇ ਵਿੱਚ ਕੈਨੇਡਾ ਪੁਲਿਸ ਤੋਂ ਮਦਦ ਮੰਗੀ। ਫਿਰ ਕੈਨੇਡਾ ਪੁਲਿਸ ਨੇ ਲੜਕੀ ਦਾ ਪਤਾ ਲਗਾਇਆ।

ਦੱਸ ਦੇਈਏ ਕਿ ਪ੍ਰਤਿਭਾ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ 'ਤੇ ਵਿਦੇਸ਼ ਗਈ ਸੀ ਅਤੇ ਇਸ ਸਮੇਂ ਉਹ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਹੀ ਸੀ। ਮਾਪਿਆਂ ਨੇ ਧੀ ਦਾ ਜਨਮ ਦਿਨ ਮਨਾਉਣ ਲਈ ਜੁਲਾਈ ਵਿਚ ਕੈਨੇਡਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਇਹ ਮੰਦਭਾਗਾ ਭਾਣਾ ਵਾਪਰ ਗਿਆ।