ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਚਰਚਾਵਾਂ ਜ਼ੋਰਾਂ ’ਤੇ, ਜਾਣੋ ਕਿੱਥੇ ਅਟਕੀ ਗੱਲਬਾਤ

ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਚਰਚਾਵਾਂ ਜ਼ੋਰਾਂ ’ਤੇ, ਜਾਣੋ ਕਿੱਥੇ ਅਟਕੀ ਗੱਲਬਾਤ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਭਾਵੇਂ ਦੋਵਾਂ ਧਿਰਾਂ ਦੇ ਆਗੂ ਇਕੱਲਿਆਂ ਚੋਣਾਂ ਲੜਨ ਦੀ ਗੱਲ ਆਖਦੇ ਰਹੇ ਹਨ ਪਰ ਅੰਦਰਖਾਤੇ ਗਠਜੋੜ ਨੂੰ ਲੈ ਕੇ ਗੱਲਬਾਤ ਆਖਰੀ ਪੜਾਅ 'ਤੇ ਪਹੁੰਚ ਗਈ ਹੈ। ਸੂਤਰਾਂ ਮੁਤਾਬਕ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਅਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਬਾਰੇ ਆਪੋ-ਆਪਣੀਆਂ ਸ਼ਰਤਾਂ ’ਤੇ ਵਿਚਾਰ-ਵਟਾਂਦਰਾ ਕਰ ਰਹੀਆਂ ਹਨ। ਸੂਤਰ ਦੱਸਦੇ ਹਨ ਕਿ ਭਾਜਪਾ ਵੱਲੋਂ ਅੰਦਰੂਨੀ ਤੌਰ ’ਤੇ ਗੱਠਜੋੜ ਹੋਣ ਦੀ ਸੂਰਤ 'ਚ 55 ਸੰਭਾਵੀ ਸੀਟਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਨ੍ਹਾਂ ’ਚੋਂ 45 ਹਲਕੇ ਉਹ ਹਨ, ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਅਕਾਲੀ ਦਲ ਤੋਂ ਅੱਗੇ ਰਹੀ ਸੀ। 2024 ਦੀਆਂ ਚੋਣਾਂ ਵਿਚ ਭਾਜਪਾ ਨੇ ਕੁੱਲ 23 ਵਿਧਾਨ ਸਭਾ ਸੀਟਾਂ ’ਤੇ ਪਹਿਲਾ ਸਥਾਨ ਹਾਸਲ ਕੀਤਾ ਸੀ, ਜਦਕਿ 6 ਸੀਟਾਂ ’ਤੇ ਦੂਜੇ ਅਤੇ 16 ਸੀਟਾਂ ’ਤੇ ਤੀਜੇ ਨੰਬਰ ’ਤੇ ਰਹੀ ਸੀ ਜਿਸ ਨਾਲ ਇਹ ਗਿਣਤੀ 45 ਬਣਦੀ ਹੈ। 

ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ 9 ਸੀਟਾਂ ’ਤੇ ਪਹਿਲੇ, 5 ’ਤੇ ਦੂਜੇ ਅਤੇ 5 ਸੀਟਾਂ ’ਤੇ ਹੀ ਤੀਜੇ ਸਥਾਨ ’ਤੇ ਰਿਹਾ ਸੀ। ਭਾਜਪਾ ਦੇ ਮੁਲਾਂਕਣ ਅਨੁਸਾਰ ਜੇ ਦੋਵਾਂ ਦੀਆਂ ਵੋਟਾਂ ਮਿਲਦੀਆਂ ਤਾਂ ਇਹ ਗੱਠਜੋੜ 25 ਹੋਰ ਸੀਟਾਂ ’ਤੇ ਅੱਗੇ ਹੁੰਦਾ। ਇਸ ਤਰ੍ਹਾਂ ਕੁੱਲ 57 ਸੀਟਾਂ ’ਤੇ ਸਥਿਤੀ ਮਜ਼ਬੂਤ ਹੁੰਦੀ ਜੋ 59 ਦੇ ਬਹੁਮਤ ਅੰਕੜੇ ਦੇ ਨੇੜੇ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਪੇਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵੀ ਫਸਿਆ ਹੋਇਆ ਹੈ। ਦਰਅਸਲ ਭਾਜਪਾ ਹੁਣ ਤਕ ਛੋਟੇ ਭਰਾ ਦੀ ਭੂਮਿਕਾ ਵਿਚ ਨਜ਼ਰ ਆਉਂਦੀ ਰਹੀ ਹੈ ਪਰ ਹੁਣ ਉਹ ਇਹ ਕਿਵਾਇਦ ਬਦਲ ਕੇ ਵੱਡੇ ਭਰਾ ਦੀ ਭੂਮਿਕਾ "ਚ ਆਉਣਾ ਚਾਹੁੰਦੀ ਹੈ। ਲਿਹਾਜ਼ਾ ਇਹ ਵੀ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅਹੁਦੇ ਦਾ ਫ਼ੈਸਲਾ ਚੋਣਾਂ ਤੋਂ ਬਾਅਦ ਤੈਅ ਹੋਵੇਗਾ।