ਅੱਜ ਮਨੀਪੁਰ ਹਿੰਸਾ ਦੇ ਵਿਰੋਧ ਵਿਚ ਪੰਜਾਬ ‘ਚ ਬਾਜ਼ਾਰਾਂ ਤੋਂ ਲੈ ਕੇ ਹਾਈਵੇ ਤੱਕ ਬੰਦ! ਵੱਖ-ਵੱਖ ਸ਼ਹਿਰਾਂ ਵਿਚ ਪੁਲਿਸ ਤਾਇਨਾਤ

ਅੱਜ ਮਨੀਪੁਰ ਹਿੰਸਾ ਦੇ ਵਿਰੋਧ ਵਿਚ ਪੰਜਾਬ ‘ਚ ਬਾਜ਼ਾਰਾਂ ਤੋਂ ਲੈ ਕੇ ਹਾਈਵੇ ਤੱਕ ਬੰਦ! ਵੱਖ-ਵੱਖ ਸ਼ਹਿਰਾਂ ਵਿਚ ਪੁਲਿਸ ਤਾਇਨਾਤ

ਮਨੀਪੁਰ 'ਚ ਹਿੰਸਾ ਵਿਰੁਧ ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ 'ਤੇ ਪੰਜਾਬ ਬੰਦ ਦਾ ਸੱਦਾ ਦਿਤਾ ਹੈ। ਬੰਦ ਦੇ ਸੱਦੇ ਦੇ ਮੱਦੇਨਜ਼ਰ ਕਈ ਇਲਾਕਿਆਂ ਵਿਚ ਸਰਕਾਰੀ ਸਕੂਲ ਅਤੇ ਕਾਲਜ ਬੰਦ ਕਰ ਦਿਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ। ਜਲੰਧਰ, ਬਰਨਾਲਾ ਅਤੇ ਗੁਰਦਾਸਪੁਰ ਵਿਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਜਲੰਧਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਹਨ।

ਬੰਦ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਹਾਈਵੇਅ ਜਾਮ ਕੀਤੇ ਜਾਣਗੇ। ਬਾਜ਼ਾਰ ਬੰਦ ਰਹਿਣਗੇ। ਸਿਰਫ਼ ਮੈਡੀਕਲ ਸਹੂਲਤਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿਤੀ ਜਾਵੇਗੀ। ਬੰਦ ਦੌਰਾਨ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਡਿਊਟੀ 'ਤੇ ਮੌਜੂਦ ਫੌਜੀ ਵਾਹਨਾਂ ਨੂੰ ਵਿਚ ਨਹੀਂ ਰੋਕਿਆ ਜਾਵੇਗਾ।

ਬੰਦ ਨੂੰ ਲੈ ਕੇ ਜਲੰਧਰ ਅਤੇ ਲੁਧਿਆਣਾ 'ਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਰੋਡਵੇਜ਼ ਦੀਆਂ ਬੱਸਾਂ ਨੂੰ ਫਿਲਹਾਲ ਰਸਮੀ ਤੌਰ 'ਤੇ ਰੋਕਿਆ ਨਹੀਂ ਗਿਆ ਹੈ ਪਰ ਧਰਨਾ ਸ਼ੁਰੂ ਹੁੰਦੇ ਹੀ ਉਨ੍ਹਾਂ ਨੂੰ ਅਪਣੇ ਨੇੜਲੇ ਬੱਸ ਸਟੈਂਡ 'ਤੇ ਰੋਕ ਦਿਤਾ ਜਾਵੇਗਾ। ਪ੍ਰਾਈਵੇਟ ਅਪਰੇਟਰ ਵੀ ਕਿਸੇ ਨੁਕਸਾਨ ਤੋਂ ਬਚਣ ਲਈ ਬੱਸਾਂ ਨਹੀਂ ਚਲਾਉਣਗੇ।

ਜਲੰਧਰ 'ਚ 2 ਚੌਕ ਬੰਦ, ਚੌਰਾਹਿਆਂ 'ਤੇ ਪੁਲਿਸ ਤਾਇਨਾਤ
ਬੰਦ ਦੇ ਲਿਹਾਜ਼ ਨਾਲ ਜਲੰਧਰ ਸੱਭ ਤੋਂ ਸੰਵੇਦਨਸ਼ੀਲ ਸ਼ਹਿਰ ਹੈ। ਇਸ ਦੇ ਮੱਦੇਨਜ਼ਰ ਕਪੂਰਥਲਾ ਚੌਕ, ਰਵਿਦਾਸ ਚੌਕ, ਬੀ.ਐਸ.ਐ.ਫ ਚੌਕ, ਨਕੋਦਰ ਚੌਕ ਤੇ ਬੀ.ਐਮ.ਸੀ. ਚੌਕ ’ਤੇ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਧਰਨਾਕਾਰੀਆਂ ਨੇ ਲੰਬੀ ਪਿੰਡ ਚੌਕ ਅਤੇ ਰਾਮਾ ਮੰਡੀ ਵਿਚ ਜਾਮ ਲਗਾ ਦਿਤਾ ਹੈ। ਇਸਾਈ ਭਾਈਚਾਰੇ ਦੇ ਲੋਕ ਇਥੇ ਰੋਸ ਪ੍ਰਦਰਸ਼ਨ ਕਰ ਰਹੇ ਹਨ।  ਇਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਕਿ ਹਿੰਸਾ ਵਿਰੁਧ ਉਹ ਪਿਛਲੇ ਕਈ ਦਿਨਾਂ ਤੋਂ ਸਾਂਝੇ ਤੌਰ ’ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ।