- Updated: June 25, 2026 04:45 PM
ਪੰਜਾਬ ਕਾਂਗਰਸ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਵੱਡੀ ਤਬਦੀਲੀ ਹੋ ਸਕਦੀ ਹੈ। ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾ ਸਕਦੀ ਹੈ। ਇਸ ਲਈ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਅਚਾਨਕ ਦਿੱਲੀ ਬੁਲਾਇਆ ਗਿਆ ਹੈ। ਇੱਥੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਉਨ੍ਹਾਂ ਨਾਲ ਗੱਲ ਕਰ ਰਹੇ ਹਨ।
ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ 3 ਆਬਜ਼ਰਵਰਾਂ ਦੀ ਰਿਪੋਰਟ ਤੋਂ ਬਾਅਦ ਪੰਜਾਬ ਦੇ 5 ਸੀਨੀਅਰ ਆਗੂਆਂ ਨਾਲ ਬੈਠਕ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਆਪਣਾ ਫੈਸਲਾ ਕੇਸੀ ਵੇਣੂਗੋਪਾਲ ਨੂੰ ਸੌਂਪ ਦਿੱਤਾ ਹੈ। ਕਾਂਗਰਸ ਸੂਤਰਾਂ ਅਨੁਸਾਰ ਅਜੇ 3 ਨੇਤਾ ਪ੍ਰਧਾਨ ਅਹੁਦੇ ਦੀ ਦੌੜ 'ਚ ਹਨ, ਜਿਨ੍ਹਾਂ 'ਚ ਰੰਧਾਵਾ ਅਤੇ ਚੰਨੀ ਦੇ ਨਾਲ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਵੀ ਸ਼ਾਮਲ ਹਨ।
ਰੰਧਾਵਾ ਜੱਟ ਸਿੱਖ ਕਮਿਊਨਿਟੀ ਤੋਂ ਆਉਂਦੇ ਹਨ। ਅਜੇ ਭਾਜਪਾ ਦੇ ਪ੍ਰਧਾਨ ਕੇਵਲ ਢਿੱਲੋਂ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੱਟ ਸਿੱਖ ਕਮਿਊਟੀ ਤੋਂ ਹੀ ਹਨ। ਜੇਕਰ ਕਾਂਗਰਸ ਵੀ ਜੱਟ ਸਿੱਖ ਕਮਿਊਨਿਟੀ ਨਾਲ ਗਈ ਤਾਂ ਰੰਧਾਵਾ ਅਗਲੇ ਪ੍ਰਧਾਨ ਹੋ ਸਕਦੇ ਹਨ।
ਚੰਨੀ ਦਲਿਤ ਕਮਿਊਨਿਟੀ ਤੋਂ ਆਉਂਦੇ ਹਨ। ਉਹ 2021 'ਚ ਪੰਜਾਬ ਦੇ ਕਰੀਬ 100 ਦਿਨ ਦੇ ਮੁੱਖ ਮੰਤਰੀ ਵੀ ਰਹੇ। ਹਾਲ ਹੀ 'ਚ ਉਨ੍ਹਾਂ ਨੇ ਸਵਾਲ ਚੁੱਕੇ ਸਨ ਕਿ ਪਾਰਟੀ 'ਚ ਹਰ ਵੱਡੇ ਅਹੁਦੇ 'ਤੇ ਜੱਟ ਸਿੱਖ ਕਮਿਊਨਿਟੀ ਦਾ ਕਬਜ਼ਾ ਹੈ। ਅਜਿਹੇ 'ਚ ਦਲਿਤਾਂ ਨੂੰ ਕੋਈ ਪ੍ਰਤੀਨਿਧੀਤੱਵ ਨਹੀਂ ਮਿਲ ਰਿਹਾ। ਜੇਕਰ ਕਾਂਗਰਸ ਦਲਿਤ ਕਮਿਊਨਿਟੀ ਨਾਲ ਗਈ ਤਾਂ ਉਹ ਨਵੇਂ ਪ੍ਰਧਾਨ ਹੋ ਸਕਦੇ ਹਨ।
ਵਿਜੇਇੰਦਰ ਸਿੰਗਲਾ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਜੇਕਰ ਕਾਂਗਰਸ ਜੱਟ ਸਿੱਖ ਅਤੇ ਹਿੰਦੂ ਕਮਿਊਨਿਟੀ ਦਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸਿੰਗਲਾ ਪ੍ਰਧਾਨ ਹੋ ਸਕਦੇ ਹਨ।
ਚੋਣਾਂ ਨਜ਼ਦੀਕ ਹਨ, ਅਜਿਹੇ 'ਚ ਕਾਂਗਰਸ ਹਾਈ ਕਮਾਨ ਇਸ ਸਮੇਂ ਕਿਸੇ ਵੀ ਵੱਡੇ ਆਗੂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਇਸ ਲਈ ਰਾਜਾ ਵੜਿੰਗ ਨੂੰ ਕੈਂਪੇਨ ਕਮੇਟੀ 'ਚ ਐਡਜਟਸ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰਧਾਨਗੀ ਦੀ ਦੌੜ ਤੋਂ ਬਾਹਰ ਬਾਕੀ ਆਗੂਆਂ ਨੂੰ ਵੀ ਇਸੇ ਤਰ੍ਹਾਂ ਕਿਸੇ ਨਾ ਕਿਸੇ ਕਮੇਟੀ ਦਾ ਮੁਖੀ ਬਣਾ ਕੇ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕਦੀ ਹੈ।