- Updated: September 01, 2026 01:10 PM
ਕਸਬਾ ਸਿੱਧਵਾਂ ਬੇਟ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪ੍ਰਵਾਸੀ ਔਰਤ ਨੇ ਆਪਣੇ ਦੂਜੇ ਪਤੀ ’ਤੇ ਆਪਣੀ 9 ਸਾਲਾ ਬੇਟੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਲਾਏ ਹਨ। ਇਸ ਮਾਮਲੇ ਵਿਚ ਆਲੇ-ਦੁਆਲੇ ਦੇ ਲੋਕ ਅਤੇ ਨਿਹੰਗ ਜਥੇਬੰਦੀ ਦੇ ਨੁਮਾਇੰਦੇ ਵੀ ਪੀੜਤ ਬੱਚੀ ਦੇ ਹੱਕ ਵਿਚ ਥਾਣੇ ਪਹੁੰਚੇ ਤੇ ਮੁਲਜ਼ਮ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੀੜਤ ਬੱਚੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ 6 ਸਾਲਾਂ ਤੋਂ ਇਕ ਵਿਅਕਤੀ ਨਾਲ ਪਤਨੀ ਵਜੋਂ ਰਹਿ ਰਹੀ ਹੈ। ਉਸ ਦੇ ਨਾਲ ਉਸ ਦੀ ਪਹਿਲੇ ਵਿਆਹ ਤੋਂ ਇਕ 9 ਸਾਲਾ ਲੜਕੀ ਅਤੇ ਇਕ ਲੜਕਾ ਵੀ ਰਹਿ ਰਹੇ ਹਨ। ਔਰਤ ਮੁਤਾਬਕ ਬੀਤੀ ਰਾਤ ਜਦੋਂ ਉਸ ਨੇ ਆਪਣੀ ਬੇਟੀ ਦੀ ਆਵਾਜ਼ ਸੁਣੀ ਤਾਂ ਉਸ ਨੇ ਆਪਣੇ ਪਤੀ ਨੂੰ ਉਸ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ। ਉਸ ਦੇ ਰੌਲ਼ਾ ਪਾਉਣ ’ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ਵਿਚ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨਾਲ ਪਹਿਲਾਂ ਵੀ ਕਈ ਵਾਰ ਪਿਤਾ ਵੱਲੋਂ ਗਲਤ ਹਰਕਤ ਕੀਤੀ ਗਈ ਹੈ ਅਤੇ ਮੂੰਹ ਬੰਦ ਰੱਖਣ ਲਈ ਡਰਾਇਆ-ਧਮਕਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀੜਤ ਪਰਿਵਾਰ ਦੀ ਮਦਦ ਲਈ ਸਥਾਨਕ ਲੋਕ ਅਤੇ ਇਕ ਨਿਹੰਗ ਜਥੇਬੰਦੀ ਦੇ ਨੁਮਾਇੰਦੇ ਵੀ ਪੁਲਸ ਥਾਣੇ ਪਹੁੰਚੇ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਜਦੋਂ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਸਬ-ਇੰਸਪੈਕਟਰ ਅਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ।