- Updated: May 15, 2025 01:10 PM
ਪੰਜਾਬ ਸਰਕਾਰ ਨੇ ਪਰਾਲੀ ਸਾੜਣ ਦੀ ਸਮੱਸਿਆ ਤੋਂ ਹੱਲ ਲਈ ਵੱਡੀ ਪਹਿਲਕਦਮੀ ਕੀਤੀ ਹੈ। ਇਸ ਨਾਲ ਪਰਾਲੀ ਸਾੜਣ 'ਤੇ ਰੋਕ ਲੱਗਣ ਦੇ ਨਾਲ-ਨਾਲ ਨਾ ਸਿਰਫ਼ ਕਿਸਾਨਾਂ ਨੂੰ, ਸਗੋਂ ਉਦਯੋਗਾਂ ਨੂੰ ਵੀ ਕਾਫ਼ੀ ਫ਼ਾਇਦਾ ਹੋਵੇਗਾ। ਇਸ ਤਹਿਤ ਹੁਣ ਪਰਾਲੀ ਤੋਂ ਉਦਯੋਗਾਂ ਦੇ ਲਈ ਈਂਧਨ ਬਣਾਇਆ ਜਾਵੇਗਾ। ਇਸ ਮੰਤਵ ਨਾਲ ਬੁਆਲਿਰ ਲਗਾਉਣ ਵਾਲੇ ਉਦਯੋਗਾਂ ਨੂੰ ਕਰੋੜਾਂ ਰੁਪਏ ਤਕ ਦੀ ਸਬਸਿਡੀ ਵੀ ਦਿੱਤੀ ਜਾਵੇਗੀ।
ਇਸ ਸਬੰਧੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਕਦਮ ਨਾ ਸਿਰਫ਼ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦੀ ਦਿਸ਼ਾ ਵਿਚ ਹੈ, ਸਗੋਂ ਇਸ ਨਾਲ ਸੂਬੇ ਦੇ ਉਦਯੋਗ ਤੇ ਕਿਸਾਨ- ਦੋਹਾਂ ਨੂੰ ਜ਼ਬਰਦਸਤ ਆਰਥਿਕ ਫ਼ਾਇਦਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਵਾਤਾਵਰਨ ਵੀ ਬਚੇਗਾ ਤੇ ਕਿਸਾਨਾਂ ਨੂੰ ਕਮਾਈ ਵੀ ਹੋਵੇਗੀ। ਇਸ ਦੇ ਨਾਲ ਹੀ ਉਦਯੋਗਾਂ ਨੂੰ ਪਰਾਲੀ-ਅਧਾਰਤ ਬੁਆਲਿਰ ਲਗਾਉਣ 'ਤੇ ਭਾਰੀ ਸਬਸਿਡੀ ਵੀ ਦਿੱਤੀ ਜਾਵੇਗੀ।
ਸੂਬਾ ਸਰਕਾਰ ਵੱਲੋਂ ਨਵੀਂ ਕੈਪਿਟਲ ਸਬਸਿਡੀ ਯੋਜਨਾ ਲਾਗੂ ਕਰ ਦਿੱਤੀ ਗਈ ਹੈ। ਇਸ ਤਹਿਤ ਹਰ 8 TPH ਬੁਆਲਿਰ ਲਗਾਉਣ 'ਤੇ 1 ਕਰੋੜ ਰੁਪਏ ਤਕ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਨਾਲ ਪਰਾਲੀ ਸਾੜਣ ਤੋਂ ਹੋਣ ਵਾਲੇ ਪ੍ਰਦੂਸ਼ਣ 'ਤੇ ਰੋਕ ਲੱਗੇਗੀ। ਮਾਨ ਸਰਕਾਰ ਨੇ ਤੇਲ, ਕੋਲੇ ਤੇ ਦੂਜੇ ਬਾਇਓਮਾਸ 'ਤੇ ਚੱਲਣ ਵਾਲੇ ਉਦਯੋਗਾਂ ਨੂੰ ਛੇਤੀ ਤੋਂ ਛੇਤੀ ਇਸ ਯੋਜਨਾ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਪੰਜਾਬ ਵਿਚ ਪਹਿਲੀ ਵਾਰ ਪਰਾਲੀ ਦੀ ਵਰਤੋਂ ਕਰਨ ਵਾਲੇ ਉਦਯੋਗ ਨੂੰ 5 ਕਰੋੜ ਰੁਪਏ ਤਕ ਦੀ ਸਬਸਿਡੀ ਦਿੱਤੀ ਜਾਵੇਗੀ।