- Updated: January 31, 2025 01:18 PM
ਫਿਰੋਜ਼ਪੁਰ ਵਿਖੇ ਅੱਜ ਚੜ੍ਹਦੀ ਸਵੇਰੇ ਵਾਪਰੇ ਭਿਆਨਕ ਹਾਦਸੇ ਦੌਰਾਨ ਹੁਣ ਤੱਕ 11 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਹਾਦਸੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਸਰਕਾਰ ਵਲੋਂ ਇਸ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਗੁਰੂਹਰਸਹਾਏ ਦੇ ਹਲਕਾ ਵਿਧਾਇਕ ਫ਼ੌਜਾ ਸਿੰਘ ਸਰਾਰੀ ਵਲੋਂ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਹਾਦਸੇ 'ਤੇ ਦੁੱਖ ਪ੍ਰਗਟਾਉਂਦੇ ਹੋਏ ਐਕਸ 'ਤੇ ਲਿਖਿਆ ਕਿ ਫਿਰੋਜ਼ਪੁਰ ਵਿਖੇ ਚੜ੍ਹਦੀ ਸਵੇਰ ਕੈਂਟਰ ਅਤੇ ਪਿੱਕਅਪ ਗੱਡੀ ਦੀ ਆਪਸੀ ਟੱਕਰ ਕਾਰਨ ਵਾਪਰੇ ਵੱਡੇ ਹਾਦਸੇ ਦੀ ਖ਼ਬਰ ਮਿਲੀ। ਜਿਸ 'ਚ ਵਿਆਹ ਸਮਾਗਮ ਲਈ ਜਾ ਰਹੇ ਵੇਟਰਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁੱਝ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ 'ਚ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ

ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਗੁਰੂਹਰਸਹਾਏ ਨੇੜੇ ਕੈਂਟਰ ਅਤੇ ਪਿੱਕਅਪ ਗੱਡੀ ਦੀ ਟੱਕਰ ਦੌਰਾਨ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 25 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਫਰੀਦਕੋਟ ਅਤੇ ਜਲਾਲਾਬਾਦ ਦੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਮਾਰੇ ਗਏ ਲੋਕ ਹਲਵਾਈ ਅਤੇ ਵੇਟਰ ਦਾ ਕੰਮ ਕਰਦੇ ਸਨ। ਉਹ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਸ ਦੌਰਾਨ ਦੂਜੇ ਪਾਸੇ ਤੋਂ ਆ ਰਹੇ ਕੈਂਟਰ ਨਾਲ ਪਿਕਅੱਪ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।