- Updated: May 23, 2026 03:46 PM
800 ਰੁਪਏ ਦਿਹਾੜੀ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦੇ ਕਤਲ ਮਾਮਲੇ ਵਿਚ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖਰੜ ਦੇ ਡੀਐੱਸਪੀ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਥਾਣਾ ਬਲੌਂਗੀ ਦੇ ਐੱਸਐੱਚਓ ਇੰਸਪੈਕਟਰ ਪੈਰੀਵਿੰਕਲ ਸਿੰਘ ਗਰੇਵਾਲ ਦੀ ਨਿਗਰਾਨੀ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 17 ਮਈ 2026 ਨੂੰ ਦੋ ਧਿਰਾਂ ਵਿਚਾਲੇ ਹੋਈ ਲੜਾਈ ਦੌਰਾਨ ਅਭੀ ਨਾਮਕ ਵਿਅਕਤੀ ਨੂੰ ਚਾਕੂ ਮਾਰ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਚਾਕੂ ਲੱਗਣ ਕਾਰਨ ਅਭੀ ਦੀ ਮੌਤ ਹੋ ਗਈ ਸੀ।
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਅਭੀ ਨੇ ਅਨਿਲ ਤੋਂ 800 ਰੁਪਏ ਦਿਹਾੜੀ ਦੇ ਲੈਣੇ ਸਨ, ਜਿਸ ਕਾਰਨ ਦੋਵਾਂ ਵਿਚਾਲੇ ਰੰਜਿਸ਼ ਚੱਲ ਰਹੀ ਸੀ। ਇਸ ਕਤਲ ਦੀ ਗੁੱਥੀ ਸੁਲਝਾਉਣ ਲਈ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਦੀ ਅਗਵਾਈ ਹੇਠ ਪੁਲਸ ਟੀਮ ਨੇ ਸੀਸੀਟੀਵੀ ਕੈਮਰਿਆਂ, ਤਕਨੀਕੀ ਸੂਚਨਾਵਾਂ ਅਤੇ ਵਿਅਕਤੀਗਤ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਛੋਟੂ ਪੁੱਤਰ ਵੀਰ ਸਹਾਏ ਅਤੇ ਰਾਮ ਰਤਨ ਪੁੱਤਰ ਵੀਰ ਸਹਾਏ ਵਾਸੀ ਮਹੁੱਲਾ ਵਾਲਮੀਕਿ, ਸ਼ਹਿਰ ਬਰਨਾਹਲ, ਜ਼ਿਲ੍ਹਾ ਮੈਨਪੁਰੀ (ਯੂ.ਪੀ.), ਹਾਲ ਵਾਸੀ ਆਜ਼ਾਦ ਨਗਰ, ਥਾਣਾ ਬਲੌਂਗੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਮੁਲਜ਼ਮ ਰਾਮ ਰਤਨ ਪਾਸੋਂ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।