ਬਾਦਲ ਦਲ ਲਈ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਦੇ ਉਮੀਦਵਾਰ ਦਾ ਐਲਾਨ ਬਣਿਆ ਪ੍ਰੇਸ਼ਾਨੀ ਦਾ ਕਾਰਨ 

ਬਾਦਲ ਦਲ ਲਈ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਦੇ ਉਮੀਦਵਾਰ ਦਾ ਐਲਾਨ ਬਣਿਆ ਪ੍ਰੇਸ਼ਾਨੀ ਦਾ ਕਾਰਨ 

ਅਕਾਲੀ ਦਲ ਬਾਦਲ ਵਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਐਲਾਨੀ ਗਈ ਸੀਟ ਪਾਰਟੀ ਲਈ ਮੁਸੀਬਤ ਦਾ ਸਬੱਬ ਬਣਦੀ ਪ੍ਰਤੀਤ ਹੋ ਰਹੀ ਹੈ। ਰਾਜਨੀਤਕ ਅਤੇ ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਸੁਖਬੀਰ ਸਿੰਘ ਬਾਦਲ ਵਲੋਂ ਖ਼ੁਦ ਸੁਖਦੇਵ ਸਿੰਘ ਢੀਂਡਸਾ ਦੇ ਘਰ ਪਹੁੰਚ ਕਰ ਕੇ ਮਸਲਾ ਹੱਲ ਕਰਨ ਵਿਚ ਅਸਫ਼ਲ ਰਹਿਣ ਦਾ ਕਾਰਨ ਕਿਤੇ ਪੰਜਾਬ ਵਿਧਾਨ ਸਭਾ ਦੀਆਂ 2002 ਦੀਆਂ ਚੋਣਾ ਦੀ ਤਰਾਂ ਨਵਾਂ ਸੰਕਟ ਖੜਾ ਨਾ ਕਰ ਦੇਵੇ, ਕਿਉਂਕਿ ਮਾਮੂਲੀ ਜਿਹੀ ਨਰਾਜ਼ਗੀ ਦੇ ਚਲਦਿਆਂ 30 ਜਨਵਰੀ 2002 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਗੁਰਚਰਨ ਸਿੰਘ ਟੋਹੜਾ ਨੇ ਅਪਣਾ ਸਰਬਹਿੰਦ ਅਕਾਲੀ ਦਲ ਬਣਾ ਕੇ ਬਾਦਲ ਦਲ ਦੇ ਸਮਰੱਥ ਉਮੀਦਵਾਰਾਂ ਵਿਰੁਧ ਅਪਣੀ ਪਾਰਟੀ ਦੇ ਉਮੀਦਵਾਰ ਖੜੇ ਕੀਤੇ ਸਨ।

ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਬਣੀ ਤੇ ਪ੍ਰਕਾਸ਼ ਸਿੰਘ ਬਾਦਲ ਅਕਸਰ ਕਹਿੰਦੇ ਰਹੇ ਕਿ ਜੇਕਰ ਗੁਰਚਰਨ ਸਿੰਘ ਟੋਹੜਾ ਦੀ ਪਾਰਟੀ ਅੜਿੱਕਾ ਨਾ ਬਣਦੀ ਅਰਥਾਤ ਵੋਟ ਗਣਿਤ ਨਾ ਵਿਗਾੜਦੀ ਤਾਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਦੁਬਾਰਾ ਬਣਨੀ ਤਹਿ ਸੀ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰਾਂ ਲਈ ਢੀਂਡਸਾ ਧੜੇ ਦੇ ਆਗੂ ਮੁਸੀਬਤ ਪੈਦਾ ਕਰ ਸਕਦੇ ਹਨ। ਬਿਨਾ ਸ਼ੱਕ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਤੋਂ ਢੀਂਡਸਾ ਪਰਵਾਰ ਲਾਂਭੇ ਕਰ ਕੇ ਖ਼ੁਦ ਲਈ ਸੰਕਟ ਸਹੇੜ ਲਿਆ ਹੈ, ਕਿਉਂਕਿ ਦੁਬਾਰਾ ਫਿਰ ਸੁਖਬੀਰ ਬਾਦਲ ਨਾਲ ਨਾਰਾਜ਼ ਹੋਏ ਅਕਾਲੀ ਆਗੂ ਢੀਂਡਸਿਆਂ ਦੇ ਹੱਕ ਵਿਚ ਜੁੜਨੇ ਸ਼ੁਰੂ ਹੋ ਗਏ ਹਨ।

ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਵਲੋਂ ਪ੍ਰਕਾਸ਼ ਸਿੰਘ ਬਾਦਲ ਦੀ ਗ਼ੈਰ ਹਾਜ਼ਰੀ ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ। ਅਕਾਲੀ ਦਲ ਦਾ ਭਾਜਪਾ ਨਾਲੋਂ ਟੁੱਟ ਕੇ ਚੋਣ ਲੜਨ ਤੋਂ ਪਹਿਲਾਂ ਹੀ ਬਹੁਤ ਸਾਰੇ ਸੀਨੀਅਰ ਅਕਾਲੀ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ, ਦਿੱਲੀ ਅਤੇ ਹਰਿਆਣੇ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੇ ਅਕਾਲੀ ਦਲ ਦੇ ਵਿਰੋਧ ਵਿਚ ਭਾਜਪਾ ਦਾ ਸਮਰਥਨ ਕਰਨ ਦਾ ਐਲਾਨ ਕਰ ਦਿਤਾ

ਪਵਨ ਟੀਨੂੰ ਨੇ ਆਮ ਆਦਮੀ ਪਾਰਟੀ ਦੀ ਲੋਕ ਸਭਾ ਹਲਕਾ ਜਲੰਧਰ ਤੋਂ ਟਿਕਟ ਹਾਸਲ ਕਰਨ ਲਈ ਅਕਾਲੀ ਦਲ ਨੂੰ ਫ਼ਤਹਿ ਬੁਲਾ ਦਿਤੀ, ਮਲੂਕਾ ਪਰਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਸੀਟ ਤੋਂ ਚੁਣੌਤੀ ਬਣ ਗਿਆ, ਕਿਸਾਨ ਜਥੇਬੰਦੀਆਂ ਨਾਰਾਜ਼ ਹਨ, ਭਾਜਪਾ ਅਤੇ ਬਸਪਾ ਨਾਲ ਗਠਜੋੜ ਟੁੱਟ ਗਿਆ ਹੈ, ਸਿੱਖ ਚਿੰਤਕ ਅਤੇ ਪੰਥਦਰਦੀ ਵੀ ਬਾਦਲ ਪਰਵਾਰ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ

ਸੁਖਬੀਰ ਬਾਦਲ ਦੀ ਢੀਂਡਸਾ ਪਰਵਾਰ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਸਮੇਤ ਹੋਰ ਵੀ ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਣਾ ਮਿਲਦੀਆਂ ਹਨ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਰਤਮਾਨ ਲੋਕ ਸਭਾ ਚੋਣਾਂ ’ਚ ਬਾਦਲ ਦਲ ਲਈ ਦਿੱਲੀ ਦੂਰ ਹੀ ਮੰਨੀ ਜਾ ਰਹੀ ਹੈ। ਪੰਥਕ ਹਲਕਿਆਂ ਮੁਤਾਬਿਕ ਢੀਂਡਸਾ ਧੜੇ ਦਾ ਬਾਦਲ ਦਲ ਨਾਲ ਗਠਜੋੜ ਸਿਰਫ਼ ਅਪਣੇ ਨਿੱਜ ਜਾਂ ਕੁਰਸੀ ਹਥਿਆਉਣ ਦੇ ਲਾਲਚ ਤਕ ਸੀਮਤ ਹੈ, ਇਸ ਵਿਚ ਪੰਥ ਜਾਂ ਪੰਜਾਬ ਦੇ ਭਲੇ ਜਾਂ ਤਰੱਕੀ ਲਈ ਕੋਈ ਯੋਜਨਾ ਜਾਂ ਏਜੰਡਾ ਵਿਖਾਈ ਨਹੀਂ ਦੇ ਰਿਹਾ, ਜਿਸ ਕਰ ਕੇ ਢੀਂਡਸਾ ਧੜੇ ਨਾਲ ਰਲੇਵਾਂ ਅਤੇ ਮਹਿਜ਼ ਇਕ ਸੀਟ ਪਿੱਛੇ ਤੋੜ ਵਿਛੋੜਾ ਵਾਲੀਆਂ ਘਟਨਾਵਾਂ ਨੇ ਪੰਜਾਬ ਅਤੇ ਪੰਥਦਰਦੀਆਂ ਨੂੰ ਨਿਰਾਸ਼ ਹੀ ਕੀਤਾ ਹੈ।