ਭਾਰਤੀ ਨਾਗਰਿਕ ਨੂੰ ਡਾਰਕ ਵੈੱਬ ਰਾਹੀਂ ਪਾਬੰਦੀਸ਼ੁਦਾ ਪਦਾਰਥ ਵੇਚਣ ਲਈ 5 ਸਾਲ ਦੀ ਹੋਈ ਜੇਲ੍ਹ

ਭਾਰਤੀ ਨਾਗਰਿਕ ਨੂੰ ਡਾਰਕ ਵੈੱਬ ਰਾਹੀਂ ਪਾਬੰਦੀਸ਼ੁਦਾ ਪਦਾਰਥ ਵੇਚਣ ਲਈ 5 ਸਾਲ ਦੀ ਹੋਈ ਜੇਲ੍ਹ

ਅਮਰੀਕਾ ਵਿਚ ਇਕ 40 ਸਾਲਾ ਭਾਰਤੀ ਨਾਗਰਿਕ ਨੂੰ 'ਡਾਰਕ ਵੈੱਬ ਮਾਰਕਿਟਪਲੇਸ' 'ਤੇ ਪਾਬੰਦੀਸ਼ੁਦਾ ਪਦਾਰਥ ਵੇਚਣ ਦੇ ਦੋਸ਼ ਵਿਚ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਕੋਲੋਂ ਲਗਭਗ 15 ਕਰੋੜ ਅਮਰੀਕੀ ਡਾਲਰ ਜ਼ਬਤ ਕਰਨ ਦਾ ਹੁਕਮ ਦਿੱਤਾ ਗਿਆ ਹੈ। ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ ਜਿਸ ਤੱਕ ਸਾਧਾਰਨ ਸਰਚ ਇੰਜਣ ਨਹੀਂ ਪਹੁੰਚ ਪਾਉਂਦਾ ਅਤੇ ਇਸ ਤੱਕ ਵਿਸ਼ੇਸ਼ ਵੈੱਬ ਬ੍ਰਾਊਜ਼ਰ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਹਲਦਵਾਨੀ ਦੇ ਬਨਮੀਤ ਸਿੰਘ ਨੂੰ ਅਮਰੀਕਾ ਦੀ ਬੇਨਤੀ 'ਤੇ ਅਪ੍ਰੈਲ 2019 'ਚ ਲੰਡਨ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਮਾਰਚ 2023 ਵਿੱਚ ਅਮਰੀਕਾ ਹਵਾਲੇ ਕੀਤਾ ਗਿਆ।

ਉਸਨੇ ਪਾਬੰਧੀਸ਼ੁਦਾ ਪਦਾਰਥਾਂ ਨੂੰ ਵੇਚਣ ਅਤੇ ਮਨੀ ਲਾਂਡਰਿੰਗ ਦੀ ਸਾਜਿਸ਼ ਦੇ ਦੋਸ਼ਾਂ ਨੂੰ ਜਨਵਰੀ ਵਿਚ ਸਵੀਕਾਰ ਕੀਤਾ। ਪਾਬੰਦੀਸ਼ੁਦਾ ਪਦਾਰਥ ਆਮ ਤੌਰ 'ਤੇ ਅਜਿਹੀ ਦਵਾਈ ਜਾਂ ਰਸਾਇਣ ਹੁੰਦਾ ਹੈ ਜਿਸਦਾ ਨਿਰਮਾਣ ਅਤੇ ਵਰਤੋਂ ਸਰਕਾਰ ਵੱਲੋਂ ਨਿਯੰਤਰਿਤ ਕੀਤੀ ਜਾਂਦੀ ਹੈ। ਅਦਾਲਤੀ ਦਸਤਾਵੇਜ਼ਾਂ ਅਤੇ ਅਦਾਲਤ ਵਿੱਚ ਦਿੱਤੇ ਬਿਆਨਾਂ ਦੇ ਅਨੁਸਾਰ, ਬਨਮੀਤ ਨੇ ਫੈਂਟਾਨਿਲ, ਐੱਲਐੱਸਡੀ, ਐਕਸਟਸੀ, ਜ਼ੈਨੈਕਸ, ਕੇਟਾਮਾਈਨ ਅਤੇ ਟ੍ਰਾਮਾਡੋਲ ਵਰਗੇ ਨਿਯੰਤਰਿਤ ਪਦਾਰਥਾਂ ਨੂੰ ਵੇਚਣ ਲਈ ਸਿਲਕ ਰੋਡ, ਅਲਫ਼ਾ ਬੇ, ਹੰਸਾ ਅਤੇ ਕਈ ਹੋਰ ਡਾਰਕ ਵੈੱਬ ਮਾਰਕਿਟਪਲੇਸ 'ਤੇ ਵਿਕਰੇਤਾ ਮਾਰਕੀਟਿੰਗ ਸਾਈਟਾਂ ਬਣਾਈਆਂ।

ਗਾਹਕਾਂ ਨੇ ਇਹਨਾਂ ਸਾਈਟਾਂ ਦੀ ਵਰਤੋਂ ਕਰਕੇ ਸਿੰਘ ਤੋਂ ਆਰਡਰ ਕੀਤੀਆਂ ਦਵਾਈਆਂ ਲਈ ਕ੍ਰਿਪਟੋਕਰੰਸੀ ਰਾਹੀਂ ਭੁਗਤਾਨ ਕੀਤਾ। ਇਸ ਤੋਂ ਬਾਅਦ ਸਿੰਘ ਨੇ ਨਿੱਜੀ ਤੌਰ 'ਤੇ ਯੂ.ਐੱਸ. ਮੇਲ ਜਾਂ ਹੋਰ ਸ਼ਿਪਿੰਗ ਸੇਵਾਵਾਂ ਰਾਹੀਂ ਯੂਰਪ ਤੋਂ ਅਮਰੀਕਾ ਤੱਕ ਨਸ਼ਿਆਂ ਦੀ ਸ਼ਿਪਮੈਂਟ ਦਾ ਪ੍ਰਬੰਧ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਬਨਮੀਤ ਨੇ ਇਸ ਕੰਮ ਰਾਹੀਂ ਕਰੀਬ 15 ਕਰੋੜ ਅਮਰੀਕੀ ਡਾਲਰ ਕਮਾਏ।