ਸੰਜੇ ਸਿੰਘ ਨੇ ਕਿਹਾ ,"ਅਰਵਿੰਦ ਕੇਜਰੀਵਾਲ ਖ਼ਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ, ਜੇਲ੍ਹ ''ਚ ਕੁੱਝ ਵੀ ਹੋ ਸਕਦਾ ਹੈ''

ਸੰਜੇ ਸਿੰਘ ਨੇ ਕਿਹਾ ,

ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਅਪਣੀ ਪਾਰਟੀ ਦੇ ਇਲਜ਼ਾਮਾਂ ਨੂੰ ਦੁਹਰਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਡੂੰਘੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਜੇਲ 'ਚ ਉਨ੍ਹਾਂ ਨਾਲ ਕੁੱਝ ਵੀ ਹੋ ਸਕਦਾ ਹੈ।

ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਇਲਜ਼ਾਮ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ "ਪ੍ਰਣਾਲੀ" ਕਿਸੇ ਨੂੰ ਮਾਰਨ ਦੇ ਪੱਧਰ ਤਕ ਡਿੱਗ ਸਕਦੀ ਹੈ। ਭਾਜਪਾ ਨੇ ਸੰਜੇ ਸਿੰਘ ਦੇ ਇਲਜ਼ਾਮਾਂ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿਤੀ।

ਰਾਜ ਸਭਾ ਮੈਂਬਰ ਨੇ ਕੇਜਰੀਵਾਲ ਦੀ ਬਿਮਾਰੀ ਦਾ ‘ਮਜ਼ਾਕ ਉਡਾਉਣ’ ਲਈ ਭਾਜਪਾ ਆਗੂਆਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਬਾਰੇ ਮੀਡੀਆ ਰਾਹੀਂ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ, “ਜੇ ਜੇਲ ਨਿਯਮਾਂ ਅਨੁਸਾਰ ਕਿਸੇ ਕੈਦੀ ਦੀ ਸਿਹਤ ਦਾ ਵੇਰਵਾ ਸਾਂਝਾ ਕਰਨ ਦੀ ਇਜਾਜ਼ਤ ਨਹੀਂ ਹੈ ਤਾਂ ਈਡੀ ਨੇ ਵੀਰਵਾਰ ਨੂੰ ਕੇਜਰੀਵਾਲ ਦਾ ਜਾਅਲੀ ਖੁਰਾਕ ਚਾਰਟ ਮੀਡੀਆ ਨਾਲ ਕਿਉਂ ਸਾਂਝਾ ਕੀਤਾ?”

ਸੰਜੇ ਸਿੰਘ ਦੇ ਇਲਜ਼ਾਮਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ। ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਨਾ ਤਾਂ ਟੁੱਟਣਗੇ ਅਤੇ ਨਾ ਹੀ ਝੁਕਣਗੇ। ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਵੀਰਵਾਰ ਨੂੰ ਇਲਜ਼ਾਮ ਲਾਇਆ ਸੀ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ 'ਚ ਘਰ ਦਾ ਪਕਾਇਆ ਭੋਜਨ ਅਤੇ ਇੰਸੁਲਿਨ ਤੋਂ ਵਾਂਝਾ ਰੱਖ ਕੇ ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਪਰ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿਤਾ।

ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਆਤਿਸ਼ੀ ਦੇ ਇਲਜ਼ਾਮ ਈਡੀ ਵਲੋਂ ਅਦਾਲਤ ਵਿਚ ਦਾਅਵਾ ਕੀਤੇ ਜਾਣ ਦੇ ਕੁੱਝ ਘੰਟਿਆਂ ਬਾਅਦ ਆਏ ਹਨ। ਈਡੀ ਨੇ ਕਿਹਾ ਸੀ ਕਿ ਕੇਜਰੀਵਾਲ ਡਾਕਟਰੀ ਜ਼ਮਾਨਤ ਲੈਣ ਜਾਂ ਹਸਪਤਾਲ ਸ਼ਿਫਟ ਹੋਣ ਲਈ ਸ਼ੂਗਰ ਦੇ ਮਰੀਜ਼ ਹੋਣ ਦੇ ਬਾਵਜੂਦ ਹਰ ਰੋਜ਼ ਅੰਬ, ਕੇਲੇ ਅਤੇ ਮਠਿਆਈਆਂ ਵਰਗੇ ਉੱਚ ਖੰਡ ਵਾਲੇ ਭੋਜਨ ਖਾ ਰਹੇ ਹਨ।