- Updated: August 11, 2026 06:10 PM
ਪੰਜਾਬ ਵਿਚ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਘੁੰਮ ਰਹੇ ਵਿਦੇਸ਼ੀ ਗੈਂਗਸਟਰ ਨੈੱਟਵਰਕ ਨਾਲ ਜੁੜੇ ਇਕ ਗੁਰਗੇ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਬਠਿੰਡਾ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ .32 ਬੋਰ ਦਾ ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਮੁਤਾਬਕ ਮੁਲਜ਼ਮ ਨੇ ਵਿਦੇਸ਼ੀ ਗੈਂਗਸਟਰ ਦੇ ਇਸ਼ਾਰੇ ’ਤੇ ਨਾਜਾਇਜ਼ ਹਥਿਆਰ ਹਾਸਲ ਕੀਤਾ ਸੀ ਅਤੇ ਪੰਜਾਬ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ।
ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਪਿੰਡ ਬੀੜ ਬਹਿਮਾਨ ਵਾਸੀ ਜਸਦੀਪ ਸਿੰਘ ਉਰਫ਼ ਜੱਸਾ (25) ਵਜੋਂ ਹੋਈ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਵਿਦੇਸ਼ੀ ਗੈਂਗਸਟਰ ਦੇ ਕਹਿਣ ’ਤੇ ਨਾਜਾਇਜ਼ ਹਥਿਆਰ ਖਰੀਦਿਆ ਸੀ। ਹੁਣ ਏ.ਜੀ.ਟੀ.ਐੱਫ. ਵੱਲੋਂ ਉਸ ਦੇ ਗੈਂਗਸਟਰ ਨੈੱਟਵਰਕ ਨਾਲ ਜੁੜੇ ਸੰਪਰਕਾਂ ਅਤੇ ਹਥਿਆਰ ਸਪਲਾਈ ਕਰਨ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਰਾਜਿੰਦਰਾ ਕਾਲਜ ਦੀ ਕੰਧ ਨੇੜੇ ਸ਼ੱਕੀ ਹਾਲਾਤ ’ਚ ਖੜ੍ਹਾ ਸੀ ਮੁਲਜ਼ਮ
ਏ.ਜੀ.ਟੀ.ਐੱਫ. ਦੇ ਏ.ਡੀ.ਜੀ.ਪੀ. ਪ੍ਰਮੋਦ ਬਾਨ ਅਨੁਸਾਰ ਟੀਮ ਨਿਯਮਤ ਗਸ਼ਤ ’ਤੇ ਸੀ। ਇਸ ਦੌਰਾਨ ਸਰਕਾਰੀ ਰਾਜਿੰਦਰਾ ਕਾਲਜ ਦੀ ਚਾਰਦੀਵਾਰੀ ਨੇੜੇ ਇਕ ਨੌਜਵਾਨ ਸ਼ੱਕੀ ਹਾਲਾਤ ਵਿਚ ਖੜ੍ਹਾ ਦਿਖਾਈ ਦਿੱਤਾ। ਪੁਲਸ ਦੀ ਗੱਡੀ ਨੂੰ ਦੇਖਦਿਆਂ ਹੀ ਨੌਜਵਾਨ ਘਬਰਾ ਗਿਆ ਅਤੇ ਉਸ ਦੀਆਂ ਗਤੀਵਿਧੀਆਂ ਸ਼ੱਕੀ ਲੱਗਣ ’ਤੇ ਟੀਮ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣਾ ਨਾਮ ਜਸਦੀਪ ਸਿੰਘ ਉਰਫ਼ ਜੱਸਾ ਦੱਸਿਆ। ਪੁਲਸ ਟੀਮ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿੱਚੋਂ .32 ਬੋਰ ਦਾ ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ।
ਪਹਿਲਾਂ ਵੀ ਅਪਰਾਧਿਕ ਮਾਮਲਿਆਂ ’ਚ ਰਿਹਾ ਹੈ ਸ਼ਾਮਲ
ਪੁਲਸ ਮੁਤਾਬਕ ਮੁਲਜ਼ਮ ਦਾ ਪਹਿਲਾਂ ਤੋਂ ਹੀ ਅਪਰਾਧਿਕ ਰਿਕਾਰਡ ਹੈ ਅਤੇ ਉਹ ਆਰਮਜ਼ ਐਕਟ ਸਮੇਤ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ। ਮੁੱਢਲੀ ਪੁੱਛਗਿੱਛ ਵਿੱਚ ਉਸ ਦੇ ਵਿਦੇਸ਼ੀ ਗੈਂਗਸਟਰ ਨੈੱਟਵਰਕ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਮੁਲਜ਼ਮ ਨੂੰ ਹਥਿਆਰ ਕਿਸ ਨੇ ਮੁਹੱਈਆ ਕਰਵਾਇਆ ਅਤੇ ਉਸ ਨੂੰ ਪੰਜਾਬ ਵਿਚ ਕਿਸ ਵਾਰਦਾਤ ਨੂੰ ਅੰਜਾਮ ਦੇਣ ਦਾ ਟਾਰਗੇਟ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਏ.ਜੀ.ਟੀ.ਐੱਫ. ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਸ ਦੇ ਮੋਬਾਈਲ ਫੋਨ ਤੇ ਹੋਰ ਸੰਪਰਕਾਂ ਦੀ ਜਾਂਚ ਰਾਹੀਂ ਗੈਂਗਸਟਰ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਤੱਕ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਹਨ।