ਪੰਜਾਬ ''ਚ ਗੈਂਗਵਾਰ ਮਗਰੋਂ ਫੜੇ ਗਏ ਗੈਂਗਸਟਰ ਨੇ ਪੁਲਸ ''ਤੇ ਕਰ''ਤੀ ਫ਼ਾਇਰਿੰਗ, SHO ਹੋਇਆ ਜ਼ਖ਼ਮੀ

ਪੰਜਾਬ ''ਚ ਗੈਂਗਵਾਰ ਮਗਰੋਂ ਫੜੇ ਗਏ ਗੈਂਗਸਟਰ ਨੇ ਪੁਲਸ ''ਤੇ ਕਰ''ਤੀ ਫ਼ਾਇਰਿੰਗ, SHO ਹੋਇਆ ਜ਼ਖ਼ਮੀ

ਲੁਧਿਆਣਾ ਦੇ ਵੱਡੇ ਗੈਂਗਸਟਰਾਂ ‘ਚ ਸ਼ਾਮਲ ਗਗਨਦੀਪ ਸਿੰਘ ਉਰਫ ਗੈਰੀ ਲਲਤੋਂ ਉਰਫ ਰਾਵਣ ਪੁਲਸ ਮੁਕਾਬਲੇ ਵਿਚ ਜ਼ਖ਼ਮੀ ਹੋ ਗਿਆ। ਗੈਰੀ ਨੇ ਪੁਲਸ ‘ਤੇ ਗੋਲ਼ੀ ਚਲਾਈ, ਜਿਸ ਦੇ ਜਵਾਬ ਵਿਚ ਸਿਟੀ ਥਾਣਾ-2 ਦੇ SHO ਤਰਵਿੰਦਰ ਬੇਦੀ ਨੇ ਫਾਇਰ ਕਰਕੇ ਉਸ ਦੀ ਲੱਤ ‘ਚ ਗੋਲ਼ੀ ਮਾਰੀ। ਘਟਨਾ ਤੋਂ ਬਾਅਦ ਗੈਰੀ ਨੂੰ ਕਾਬੂ ਕਰਕੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਇਸ ਦੌਰਾਨ SHO ਤਰਵਿੰਦਰ ਬੇਦੀ ਵੀ ਜ਼ਖ਼ਮੀ ਹੋ ਗਏ ਹਨ ਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਇਹ ਕਾਰਵਾਈ ਸੀ.ਆਈ.ਏ. ਸਟਾਫ ਅਤੇ ਸਿਟੀ ਥਾਣਾ 2 ਦੀ ਟੀਮ ਵੱਲੋਂ ਮਿਲ ਕੇ ਕੀਤੀ ਗਈ। ਪੁਲਸ ਨੇ ਦੱਸਿਆ ਕਿ ਗੈਰੀ ਉਨ੍ਹਾਂ ਮੁਲਜ਼ਮਾਂ ਵਿਚੋਂ ਇਕ ਸੀ, ਜੋ 15 ਜੂਨ ਨੂੰ ਗ੍ਰੀਨਲੈਂਡ ਹੋਟਲ ਨੇੜੇ ਹੋਈ ਗੈਂਗਵਾਰ ਦੀ ਘਟਨਾ ਵਿਚ ਸ਼ਾਮਲ ਸੀ। ਇਹ ਗੈਂਗਵਾਰ ਗੈਰੀ ਲਲਤੋਂ ਅਤੇ ਸੁਖਵੀਰ ਭੂਚੀ ਗੈਂਗ ਦੇ ਵਿਚਕਾਰ ਇਕ ਕੁੜੀ ਨਾਲ ਦੋਸਤੀ ਨੂੰ ਲੈ ਕੇ ਹੋਇਆ ਸੀ। ਇਸ ਮਾਮਲੇ ‘ਚ ਗੈਰੀ ਲਲਤੋਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 

ਪੁਲਸ ਦੀ ਜਾਂਚ ਦੌਰਾਨ ਗੈਰੀ ਨੇ ਕਬੂਲਿਆ ਕਿ ਉਸ ਨੇ ਭੱਟੀਆਂ ਇਲਾਕੇ ਦੀ ਰੇਲਵੇ ਲਾਈਨ ਨੇੜੇ ਇਕ ਪਿਸਤੌਲ ਲੁਕਾਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਥਿਆਰ ਬਰਾਮਦ ਕਰਨ ਲਈ ਉਥੇ ਲਿਜਾਇਆ। ਪਰ ਜਦ ਉਹ ਥਾਂ 'ਤੇ ਪਹੁੰਚੇ, ਤਾਂ ਗੈਰੀ ਨੇ ਅਚਾਨਕ ਦਰੱਖਤਾਂ ਵਿਚੋਂ ਪਿਸਤੌਲ ਕੱਢ ਕੇ ਪੁਲਿਸ 'ਤੇ ਗੋਲੀ ਚਲਾਈ। ਉਸ ਦੀ ਗੋਲੀ ਇਕ ਦਰੱਖਤ ਚ ਲੱਗੀ। ਜਵਾਬ ਵਿੱਚ ਐੱਸ.ਐੱਚ.ਓ. ਤਰਵਿੰਦਰ ਬੇਦੀ ਨੇ ਗੈਰੀ ਦੀ ਲੱਤ 'ਚ ਗੋਲੀ ਮਾਰੀ ਤੇ ਉਸ ਨੂੰ ਕਾਬੂ ਕਰ ਲਿਆ ਗਿਆ।

ਜ਼ਿਲ੍ਹਾ ਪੁਲਸ ਮੁਖੀ ਐੱਸ.ਐੱਸ.ਪੀ. ਡਾ. ਜੋਤੀ ਯਾਦਵ ਨੇ ਦੱਸਿਆ ਕਿ ਗੈਰੀ ਲਲਤੋਂ ਖ਼ਤਰਨਾਕ ਅਤੇ ਬਦਨਾਮ ਗੈਂਗਸਟਰ ਹੈ, ਜੋ ਕਈ ਗੰਭੀਰ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਰਿਹਾ ਹੈ। ਉਸ ਨੇ ਹਥਿਆਰ ਦੀ ਬਰਾਮਦਗੀ ਵੇਲੇ ਪੁਲਸ ਪਾਰਟੀ 'ਤੇ ਫ਼ਾਇਰਿੰਗ ਕੀਤੀ, ਜਿਸ 'ਤੇ ਪੁਲਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਇਸ ਦੌਰਾਨ ਉਸ ਦੀ ਲੱਤ ਵਿਚ ਗੋਲੀ ਲੱਗੀ ਤੇ ਉਸ ਨੂੰ ਕਾਬੂ ਕਰ ਲਿਆ ਗਿਆ, ਉੱਥੇ ਹੀ SHO ਤਰਵਿੰਦਰ ਬੇਦੀ ਵੀ ਇਸ ਦੌਰਾਨ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਗੈਰੀ ਵੱਲੋਂ ਪੁਲਸ 'ਤੇ ਹਮਲਾ ਕਰਨ ਕਾਰਨ ਉਸ ਦੇ ਖ਼ਿਲਾਫ਼ ਆਰਮਜ਼ ਐਕਟ, ਪੁਲਸ ‘ਤੇ ਹਮਲਾ ਅਤੇ ਹੋਰ ਕਈ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਹਾਲੇ ਵੀ ਪੁਲਸ ਗੈਰੀ ਨਾਲ ਸਬੰਧਤ ਹੋਰ ਗੈਂਗ ਮੈਂਬਰਾਂ ਦੀ ਪਛਾਣ ਕਰ ਰਹੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।