- Updated: July 16, 2026 06:10 PM
ਜਲਾਲਾਬਾਦ ਦੇ ਡੀ. ਐੱਸ. ਪੀ. ਗੁਰਸੇਵਕ ਸਿੰਘ ਬਰਾੜ ਉਪਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਦੇ ਜੇ. ਈ. 'ਤੇ ਐੱਨ. ਡੀ. ਪੀ. ਐੱਸ. ਐਕਟ ਦਾ ਝੂਠਾ ਕੇਸ ਦਰਜ ਕਰਨ ਦਾ ਯਤਨ ਕੀਤਾ ਗਿਆ ਹੈ। ਉਸ ਦੀ ਕਾਰ ਵਿਚ ਸ਼ੱਕੀ ਨਸ਼ੀਲੀ ਵਸਤੂ ਬਰਾਮਦ ਕਰਵਾ ਕੇ ਉਸ ਉਪਰ ਮੁਕੱਦਮਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿਚ ਪਹਿਲਾਂ ਤਿਨ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਸੀ, ਹੁਣ ਅਦਾਲਤ ਦੇ ਹੁਕਮਾਂ ਉਪਰ ਡੀ. ਐੱਸ. ਪੀ. ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ ਜਦਕਿ ਗੱਡੀ ਵਿਚੋਂ ਬਰਾਮਦ ਕੀਤਾ ਗਿਆ ਨਸ਼ੀਲਾ ਪਦਾਰਥ ਨਹੀਂ ਸੀ। ਫਿਲਹਾਲ ਅੱਗੇ ਦੀ ਜਾਂਚ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ 13 ਜੁਲਾਈ ਨੂੰ ਅਮਿਤ ਕੁਮਾਰ (ਜੇ.ਈ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ), ਪੁੱਤਰ ਸ਼ਿਵ ਕੁਮਾਰ, ਵਾਸੀ ਮੰਡੀ ਰੋਡਾਂਵਾਲੀ ਨੇ ਅਰਨੀਵਾਲਾ ਪੁਲਸ ਸਟੇਸ਼ਨ ਵਿਚ ਇਕ ਬਿਆਨ ਦਰਜ ਕਰਵਾਇਆ ਕਿ 3 ਜੂਨ 2026 ਦੀ ਸਵੇਰ ਨੂੰ ਉਹ ਆਪਣੀ ਕਾਰ ਵਿਚ ਡਿਊਟੀ ਲਈ ਮੰਡੀ ਰੋਡਾਂਵਾਲੀ ਤੋਂ ਅਰਨੀਵਾਲਾ ਜਾ ਰਿਹਾ ਸੀ। ਰਸਤੇ ਵਿਚ ਗੰਗ ਕੈਨਾਲ ਪੁੱਲ ਨੇੜੇ ਉਹ ਨਹਿਰ ਦੇ ਕੰਢੇ ਇਕ ਨਲਕੇ ਤੋਂ ਆਪਣੀ ਕਾਰ ਦੇ ਵਾਟਰ ਕੂਲਰ ਵਿਚ ਪਾਣੀ ਭਰਨ ਲੱਗਾ। ਇਸ ਦੌਰਾਨ ਇਕ ਸਵਿਫਟ ਕਾਰ ਵਿਚ ਸਵਾਰ ਤਿੰਨ ਅਣਪਛਾਤੇ ਵਿਅਕਤੀ ਆਏ ਜੋ ਪੁਲਸ ਅਧਿਕਾਰੀ ਹੋਣ ਦਾ ਦਾਅਵਾ ਕਰ ਰਹੇ ਸਨ। ਉਨ੍ਹਾਂ ਨੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੀ ਕਾਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।
ਤਲਾਸ਼ੀ ਦੌਰਾਨ ਉਸ ਦੀ ਕਾਰ ਦੀ ਸੀਟ ਹੇਠਾਂ ਇਕ ਪੈਕੇਟ ਮਿਲਿਆ। ਅਮਿਤ ਕੁਮਾਰ ਨੇ ਕਿਹਾ ਕਿ ਉਸਨੂੰ ਪੈਕੇਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੌਰਾਨ ਉਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਮੌਕੇ 'ਤੇ ਡੀਐੱਸਪੀ ਜਲਾਲਾਬਾਦ ਤੇ ਹੋਰ ਪੁਲਸ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ। ਡੀਐੱਸਪੀ ਗੁਰਸੇਵਕ ਸਿੰਘ ਨੇ ਉਸ ਤੋਂ ਪੁੱਛਗਿੱਛ ਕੀਤੀ। ਵੱਡੀ ਭੀੜ ਅਤੇ ਮਾਮਲਾ ਸ਼ੱਕੀ ਜਾਪਦਾ ਹੋਇਆ ਮੌਕੇ 'ਤੇ ਅੱਗੇ ਦੀ ਕਾਰਵਾਈ ਸੰਭਵ ਨਾ ਸਕੀ ਤੇ ਉਸ ਨੂੰ ਸੀਆਈਏ ਫਾਜ਼ਿਲਕਾ ਲਿਜਾਇਆ ਗਿਆ। ਸੀਆਈਏ ਫਾਜ਼ਿਲਕਾ ਵਿਖੇ ਹੋਰ ਪੁਲਸ ਅਧਿਕਾਰੀਆਂ ਨੇ ਪੈਕੇਟ ਦੀ ਜਾਂਚ ਕੀਤੀ ਅਤੇ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਬਾਅਦ ਵਿਚ ਉਸਨੂੰ ਛੱਡ ਦਿੱਤਾ ਗਿਆ। ਅਮਿਤ ਕੁਮਾਰ ਨੇ ਘਟਨਾ ਦੀ ਜਾਂਚ ਆਪਣੇ ਪੱਧਰ 'ਤੇ ਕੀਤੀ। ਜਾਂਚ ਤੋਂ ਪਤਾ ਲੱਗਾ ਕਿ 2 ਜੂਨ, 2026 ਦੀ ਰਾਤ ਨੂੰ ਸੁਖਜਿੰਦਰ ਸਿੰਘ ਉਰਫ਼ ਸ਼ੰਮੀ ਪੁੱਤਰ ਬਲਦੇਵ ਸਿੰਘ, ਵਾਸੀ ਚੱਕ ਅਰੋੜਾ ਵਾਲਾ ਉਰਫ਼ ਤੰਬੂ ਵਾਲਾ, ਸਾਗਰ ਪੁੱਤਰ ਚੰਦਰਪਾਲ ਅਤੇ ਰਾਜਨ ਕੁਮਾਰ ਉਰਫ਼ ਨੰਨੂ, ਪੁੱਤਰ ਸੁਰੇਂਦਰ ਕੁਮਾਰ, ਵਾਸੀ ਮੰਡੀ ਰੋਡਾਂਵਾਲੀ ਨੇ ਇਕ ਅਪਰਾਧਿਕ ਸਾਜ਼ਿਸ਼ ਦੇ ਤਹਿਤ ਉਸ ਦੀ ਕਾਰ ਵਿਚ ਇਕ ਪੈਕੇਟ ਰੱਖਿਆ ਸੀ ਤਾਂ ਜੋ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਝੂਠਾ ਮਾਮਲਾ ਦਰਜ ਕਰਵਾਇਆ ਜਾ ਸਕੇ।
ਉਕਤ ਬਿਆਨਾਂ ਦੇ ਆਧਾਰ 'ਤੇ ਥਾਣਾ ਅਰਨੀਵਾਲਾ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਸੁਖਜਿੰਦਰ ਸਿੰਘ ਉਰਫ ਸ਼ੰਮੀ ਪੁੱਤਰ ਬਲਦੇਵ ਸਿੰਘ ਨਿਵਾਸੀ ਚੱਕ ਅਰੋੜਾ ਵਾਲਾ ਉਰਫ ਤੰਬੂ ਵਾਲਾ, ਸਾਗਰ ਪੁੱਤਰ ਚੰਦਰਪਾਲ ਅਤੇ ਰਾਜਨ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਮੁਕੱਦਮੇ ਦੀ ਜਾਂਚ ਦੌਰਾਨ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਨੇ ਅਦਾਲਤ ਵਿਚ ਬਿਆਨ ਦਿੱਤਾ ਕਿ ਇਸ ਘਟਨਾ ਵਿਚ ਗੁਰਸੇਵਕ ਸਿੰਘ ਡੀ. ਐੱਸ. ਪੀ., ਸਬ ਡਿਵੀਜ਼ਨ ਜਲਾਲਾਬਾਦ ਵੀ ਸ਼ਾਮਲ ਹੈ। ਇਸ ਤੋਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਗੁਰਸੇਵਕ ਸਿੰਘ ਡੀ. ਐੱਸ. ਪੀ. ਨੂੰ ਵੀ ਇਸ ਮੁਕੱਦਮੇ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।