ਬਦਮਾਸ਼ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ

ਬਦਮਾਸ਼ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ

ਅਟਾਰੀ ਸਰਹੱਦ ਨੇੜੇ ਇਕ ਪੁਰਾਤਨ ਸਰਕਾਰੀ ਬਾਗ ਦੇ ਪਿਛਲੇ ਪਾਸੇ ਅੱਜ ਪੁਲਸ ਤੇ ਬਦਮਾਸ਼ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਦੋਵਾਂ ਪਾਸਿਓਂ ਗੋਲੀਆਂ ਵੀ ਚੱਲੀਆਂ ਜਿਸ 'ਚ ਇਕ ਬਦਮਾਸ਼ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਉਸ ਕੋਲੋਂ 534 ਗ੍ਰਾਮ ਹੈਰੋਇਨ ਅਤੇ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਹੈਪੀ 'ਤੇ ਪਹਿਲਾਂ ਤੋਂ ਹੀ ਕਈ ਗੰਭੀਰ ਮੁਕੱਦਮੇ ਦਰਜ ਹਨ ਅਤੇ ਉਹ ਕਈ ਮਾਮਲਿਆਂ 'ਚ ਲੋੜੀਂਦਾ ਸੀ। 

ਇਸ ਦੌਰਾਨ ਡੀ.ਐਸ.ਪੀ. ਅਟਾਰੀ ਲਖਵਿੰਦਰ ਸਿੰਘ ਕਲੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖਮੀ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਸੁੱਖਾ ਸਿੰਘ ਵਾਸੀ ਅਟਾਰੀ ਵਜੋਂ ਹੋਈ ਹੈ। ਹਰਪ੍ਰੀਤ ਕੁਝ ਦਿਨ ਪਹਿਲਾਂ ਪਿੰਡ ਨੇਸ਼ਟਾ ਨੇੜੇ ਪੁਲਸ ਨਾਕੇ ਦੌਰਾਨ ਉੱਥੇ ਗੋਲੀਆਂ  ਚਲਾਉਂਦਾ ਹੋਇਆ ਫਰਾਰ ਹੋ ਗਿਆ ਸੀ ਅਤੇ ਘਟਨਾ ਦੌਰਾਨ ਇਕ  ਰਾਹਗੀਰ ਦੀ ਮੌਤ ਵੀ ਹੋ ਗਈ ਸੀ, ਜਿਸ ਤੋਂ ਬਾਅਦ ਘਰਿੰਡਾ ਪੁਲਸ ਵਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ।

ਅੱਜ ਜਦੋਂ ਪੁਲਸ ਨੇ ਉਸ ਨੂੰ ਸਰਹੱਦ ਨੇੜਲੇ ਬਾਗ 'ਚ ਲੁਕਿਆ ਹੋਇਆ ਪਾਇਆ, ਤਾਂ ਪੁਲਸ ਦੀ ਘੇਰਾਬੰਦੀ ਦੌਰਾਨ ਉਸ ਨੇ ਮੁੜ ਪੁਲਸ 'ਤੇ ਗੋਲੀਬਾਰੀ ਕੀਤੀ । ਇਸ ਦੌਰਾਨ ਪੁਲਸ ਨੇ ਜਵਾਬੀ ਕਾਰਵਾਈ 'ਚ ਗੋਲੀ ਚਲਾਈ ਜੋ ਹਰਪ੍ਰੀਤ ਦੀ ਲੱਤ ਵਿੱਚ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮੁਲਜ਼ਮ ਨੂੰ ਜ਼ਖ਼ਮੀ ਹਾਲਤ 'ਚ  ਗ੍ਰਿਫ਼ਤਾਰ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਮੁਤਾਬਕ ਹੈਪੀ 'ਤੇ ਪਹਿਲਾਂ ਤੋਂ ਹੀ ਕਈ ਗੰਭੀਰ ਮੁਕੱਦਮੇ ਦਰਜ ਹਨ ਅਤੇ ਉਹ ਕਈ ਮਾਮਲਿਆਂ 'ਚ ਲੋੜੀਂਦਾ ਸੀ।