4 ਕਰੋੜ ਰੁਪਏ ਦੀ ਫਿਰੌਤੀ ਮਾਮਲੇ ''ਚ ਪੰਜਾਬ ਪੁਲਿਸ ਦਾ ਸਾਬਕਾ SHO ਹੋਇਆ ਗ੍ਰਿਫ਼ਤਾਰ

4 ਕਰੋੜ ਰੁਪਏ ਦੀ ਫਿਰੌਤੀ ਮਾਮਲੇ ''ਚ ਪੰਜਾਬ ਪੁਲਿਸ ਦਾ ਸਾਬਕਾ SHO ਹੋਇਆ ਗ੍ਰਿਫ਼ਤਾਰ

ਪੁਲਿਸ ਨੇ ਪੰਜਾਬ ਦੇ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਸਟੇਸ਼ਨ ਦੇ ਸਾਬਕਾ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਗਰਾ ‘ਤੇ ਐਫਬੀਆਈ ਦੇ ਆਪ੍ਰੇਸ਼ਨ ਹਾਰਡਬਾਲ ਦੌਰਾਨ ਅਮਰੀਕਾ ਦੇ ਇੱਕ ਪਰਿਵਾਰ ਤੋਂ 4 ਕਰੋੜ ਰੁਪਏ ਮੰਗਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਉਸ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।

ਨਾਗਰਾ ਦਾ ਨਾਮ ਐਫਬੀਆਈ ਦੇ ਆਪ੍ਰੇਸ਼ਨ ਹਾਰਡਬਾਲ ਵਿੱਚ ਵੀ ਸਾਹਮਣੇ ਆਇਆ ਸੀ, ਜੋ ਕਿ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਗੈਂਗਸਟਰ ਨੈਟਵਰਕ ਨਾਲ ਜੁੜਿਆ ਹੋਇਆ ਸੀ, ਜਿਸ ਵਿੱਚ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਡੀਆਈਜੀ ਨਵੀਨ ਸਿੰਗਲਾ ਨੇ ਨਾਗਰਾ ਨੂੰ ਲਾਈਨ ਹਾਜ਼ਰ ਕਰ SP ਵਿਨੀਤ ਅਹਲਾਵਤ ਨੂੰ ਜਾਂਚ ਸੌਂਪੀ ਸੀ। ਜਾਂਚ ਤੋਂ ਬਾਅਦ, ਸ਼ੁੱਕਰਵਾਰ ਦੇਰ ਰਾਤ ਇੰਸਪੈਕਟਰ ਨਾਗਰਾ ਵਿਰੁੱਧ ਜਬਰਦਸਤੀ ਅਤੇ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ।

10 ਜੁਲਾਈ ਨੂੰ ਅਮਰੀਕੀ ਅਤੇ ਕੈਨੇਡੀਅਨ ਜਾਂਚ ਏਜੰਸੀਆਂ ਨੇ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਗੈਂਗਸਟਰ ਨੈਟਵਰਕ ਦੀ ਜਾਂਚ ਲਈ ਇੱਕ ਸਾਂਝਾ ਆਪ੍ਰੇਸ਼ਨ ਕੀਤਾ। ਕੈਲੀਫੋਰਨੀਆ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨੈਟਵਰਕ ਦੀ ਜਾਂਚ ਦੌਰਾਨ, ਭਾਰਤੀ ਪੁਲਿਸ ਅਧਿਕਾਰੀ ਦਾ ਨਾਮ ਸਾਹਮਣੇ ਆਇਆ।

ਅਮਰੀਕੀ ਏਜੰਸੀਆਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਇੱਕ ਐਸਐਚਓ ਨੇ ਇੱਕ ਗੈਂਗ ਨੈੱਟਵਰਕ ਨਾਲ ਮਿਲ ਕੇ ਇੱਕ ਅਮਰੀਕੀ ਪਰਿਵਾਰ ਤੋਂ ਕਥਿਤ ਤੌਰ ‘ਤੇ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ। ਉਸਦਾ ਨਾਮ ਗੁਰਿੰਦਰਜੀਤ ਸਿੰਘ ਨਾਗਰਾ ਹੈ। ਉਸ ਦੀ ਫੋਟੋ ਵੀ ਗੈਂਗਸਟਰਾਂ ਨਾਲ ਜਾਰੀ ਕੀਤੀ ਗਈ ਸੀ।

ਅਮਰੀਕਾ ਵਿੱਚ ਰਹਿਣ ਵਾਲੇ ਸੇਵਾਮੁਕਤ ਏਐਸਆਈ ਚਰਨਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ 15 ਜਨਵਰੀ, 2026 ਨੂੰ ਸ਼ਾਮ 4 ਵਜੇ ਦੇ ਕਰੀਬ ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਹੁਸ਼ਿਆਰਪੁਰ ਦੇ ਟਾਂਡਾ ਦੇ ਮਿਆਣੀ ਪਿੰਡ ਵਿੱਚ ‘ਆਪ’ ਵਰਕਰ ਅਤੇ ਹਾਰਡਵੇਅਰ ਕਾਰੋਬਾਰੀ ਬਲਵਿੰਦਰ ਸਿੰਘ ਸਤਕਰਤਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਟਾਂਡਾ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। 24 ਮਈ, 2026 ਨੂੰ, ਉਸ ਸਮੇਂ ਦੇ ਐਸਐਚਓ, ਗੁਰਿੰਦਰਜੀਤ ਸਿੰਘ ਨਾਗਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਦਾਅਵਾ ਕੀਤਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਪਰਿਵਾਰਕ ਝਗੜੇ ਤੋਂ ਪ੍ਰੇਰਿਤ ਸੀ।

ਪੁਲਿਸ ਮੁਤਾਬਕ ਅਮਰੀਕਾ ਵਿੱਚ ਰਹਿ ਰਹੇ ਇੱਕ ਸੇਵਾਮੁਕਤ ਏਐਸਆਈ ਚਰਨਜੀਤ ਸਿੰਘ ਅਤੇ ਮ੍ਰਿਤਕ ਦੇ ਸਾਲੇ ਨੇ ਆਪਣੀ ਧੀ ਦੇ ਤਲਾਕ ਦੀ ਰੰਜਿਸ਼ ਕਾਰਨ ਸ਼ੂਟਰਾਂ ਨੂੰ ਸੁਪਾਰੀ ਦਿਵਾਈ ਸੀ। ਇਹ ਦੋਸ਼ ਹੈ ਕਿ ਐਸਐਚਓ ਨੇ ਕੇਸ ਵਿੱਚੋਂ ਨਾਂ ਬਾਹਰ ਕਰਨ ਬਦਲੇ ਚਰਨਜੀਤ ਤੋਂ ਲਗਭਗ 4 ਕਰੋੜ ਰੁਪਏ ਦੀ ਮੰਗ ਕੀਤੀ। ਬਾਅਦ ਵਿੱਚ ਚਰਨਜੀਤ ਨੇ ਐਫਬੀਆਈ ਨੂੰ ਸ਼ਿਕਾਇਤ ਕੀਤੀ।