ਪੰਜਾਬ ਦੀ ਸਿਆਸਤ ''ਚ ਕਾਂਗਰਸ ਇਸ ਵੱਡੇ ਆਗੂ ਨੂੰ ਲਗਾ ਸਕਦੀ ਹੈ ਪ੍ਰਧਾਨ

ਪੰਜਾਬ ਦੀ ਸਿਆਸਤ ''ਚ ਕਾਂਗਰਸ ਇਸ ਵੱਡੇ ਆਗੂ ਨੂੰ ਲਗਾ ਸਕਦੀ ਹੈ ਪ੍ਰਧਾਨ

ਪੰਜਾਬ ਭਾਜਪਾ ਦੇ ਪ੍ਰਧਾਨ ਬਦਲੇ ਜਾਣ ਤੋਂ ਬਾਅਦ ਹੁਣ ਕਾਂਗਰਸ ਵਿਚ ਨਵੇਂ ਪ੍ਰਧਾਨ ਬਦਲੇ ਜਾਣ ਦੀ ਕਵਾਇਦ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸਾਬਕਾ ਮੰਤਰੀ ਅਤੇ ਸਾਬਕਾ ਸਾਂਸਦ ਵਿਜੇ ਇੰਦਰ ਸਿੰਗਲਾ ਦਾ ਨਾਮ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿਚ ਸਾਹਮਣੇ ਆ ਰਿਹਾ ਹੈ। ਸੂਤਰ ਦੱਸਦੇ ਹਨ ਕਿ ਹਾਈਕਮਾਨ ਪੱਧਰ 'ਤੇ ਲਗਭਗ ਸਹਿਮਤੀ ਬਣ ਗਈ ਹੈ ਅਤੇ ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ ਹਾਈਕਮਾਨ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਦੇ ਪੁਨਰਗਠਨ ਦੀ ਪ੍ਰਕਿਰਿਆ ਨੂੰ ਆਖਰੀ ਰੂਪ ਦੇ ਰਹੀ ਹੈ। ਵਿਜੇ ਇੰਦਰ ਸਿੰਗਲਾ ਦਾ ਨਾਮ ਇਸ ਲਈ ਵੀ ਸਭ ਤੋਂ ਅੱਗੇ ਹੋਏ ਕਿਉਂਕਿ ਉਹ ਮੰਤਰੀ, ਸਾਂਸਦ ਅਤੇ ਪਾਰਟੀ ਵਿਚ ਵੱਖ-ਵੱਖ ਅਹੁਦਿਆਂ 'ਤੇ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਮਾਲਵਾ ਵਿਚ ਉਨ੍ਹਾਂ ਦੀ ਮਜ਼ਬੂਤ ਪਛਾਣ ਹੈ ਅਤੇ ਕਾਂਗਰਸ ਵਿਚਲੀਆਂ ਵੱਖ-ਵੱਖ ਧਿਰਾਂ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਵੀ ਚੰਗਾ ਹੈ। ਪਾਰਟੀ ਹਾਈਕਮਾਨ ਦਾ ਇਹ ਵੀ ਮੰਨਣਾ ਹੈ ਕਿ ਕਾਂਗਰਸ ਵਿਚ ਅਜਿਹੇ ਚਿਹਰੇ ਦੀ ਜ਼ਰੂਰਤ ਹੈ ਜਿਹੜਾ ਵਿਵਾਦਾਂ ਤੋਂ ਦੂਰ ਰਿਹਾ ਹੋਵੇ ਅਤੇ ਕਾਂਗਰਸ ਨੂੰ ਇਕਜੁਟ ਕਰਕੇ ਰੱਖੇ। ਨਾਲ ਹੀ ਸ਼ਹਿਰੀ ਅਤੇ ਹਿੰਦੂ ਵੋਟ ਬੈਂਕ 'ਤੇ ਵੀ ਸਕਾਰਾਤਮਕ ਸੰਦੇਸ਼ ਦੇ ਸਕੇ। ਇਹੋ ਕਾਰਣ ਹਨ ਕਿ ਵਿਜੇ ਇੰਦਰ ਸਿੰਗਲਾ ਹਾਈਕਮਾਨ ਦੀ ਪਹਿਲੀ ਪਸੰਦ ਬਣੇ ਹੋਏ ਹਨ।

ਦੂਜੇ ਪਾਸੇ ਪੰਜਾਬ ਦੀ ਸਿਆਸਤ ਵਿਚ ਸੰਗਰੂਰ ਲੋਕ ਸਭਾ ਹਲਕਾ ਲਗਾਤਾਰ ਸਭ ਤੋਂ ਪ੍ਰਭਾਵਸ਼ਾਲੀ ਰੂਪ ਵਿਚ ਉਭਰ ਕੇ ਸਾਹਮਣੇ ਆ ਰਿਹਾ ਹੈ। ਸੂਬੇ ਦੀ ਸੱਤਾ ਵਿਚ ਵਿਰੋਧੀ, ਦੋਵਾਂ ਦੇ ਮੁੱਖ ਚਿਹਰੇ ਇਸ ਹਲਕੇ ਨਾਲ ਜੁੜੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਤੇ ਸੱਤਾ ਧਿਰ ਦੇ ਹੋਰ ਵੱਡੇ ਆਗੂਆਂ ਤੋਂ ਇਲਾਵਾ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋਂ ਬਾਅਦ ਹੁਣ ਕਾਂਗਰਸ ਵੀ ਪਾਰਟੀ ਦੀ ਕਮਾਨ ਸੰਗਰੂਰ ਦੇ ਚੋਟੀ ਦੇ ਆਗੂ ਨੂੰ ਸੌਂਪਣ ਦੀ ਤਿਆਰੀ ਵਿਚ ਦਿਖਾਈ ਦੇ ਰਹੀ ਹੈ।

ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਦੀ ਰੇਸ ਵਿਚ ਚਰਨਜੀਤ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਤੇ ਭਾਰਤ ਭੂਸ਼ਣ ਆਸ਼ੂ ਦਾ ਨਾਮ ਵੀ ਸ਼ਾਮਲ ਹੈ। ਹਾਲਾਂਕਿ ਬਾਜਵਾ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਚੰਨੀ ਸਾਬਕਾ ਮੁੱਖ ਮੰਤਰੀ ਦੇ ਰੂਪ ਵਿਚ ਵੱਖਰੀ ਸਿਆਸੀ ਭੂਮਿਕਾ ਵਿਚ ਹਨ। ਉਥੇ ਹੀ ਹੋਰ ਆਗੂਆਂ ਨੂੰ ਲੈ ਕੇ ਸੰਗਠਨਾਤਮਕ ਅਤੇ ਸਿਆਸੀ ਸਮੀਕਰਣਾਂ ਦੀ ਆਪਣੀਆਂ ਹੱਦਾਂ ਹਨ। ਲਿਹਾਜ਼ਾ ਆਉਂਦੇ ਦਿਨਾਂ ਦੌਰਾਨ ਪੰਜਾਬ ਕਾਂਗਰਸ ਵਿਚ ਵੱਡੇ ਪੱਧਰ "ਤੇ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ।