ਪੰਜਾਬ ‘ਚ ਸਿਆਸੀ ਹਲਚਲ: ਸਾਬਕਾ ਮੰਤਰੀ ਦਾ ਪੁੱਤਰ ਭਾਜਪਾ ਵਿੱਚ ਸ਼ਾਮਲ

ਪੰਜਾਬ ‘ਚ ਸਿਆਸੀ ਹਲਚਲ: ਸਾਬਕਾ ਮੰਤਰੀ ਦਾ ਪੁੱਤਰ ਭਾਜਪਾ ਵਿੱਚ ਸ਼ਾਮਲ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਚੁੱਕੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪੰਜਾਬ ਦੌਰੇ ਮੌਕੇ ਕਈ ਆਗੂ ਆਪੋ-ਆਪਣੀਆਂ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਸੇ ਤਹਿਤ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਦੀ ਅਗਵਾਈ ਹੇਠ ‘ਆਪ’ ਆਗੂ ਪਰਮਜੀਤ ਸਿੰਘ ਭਿੰਦੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਦੇ ਸਪੁੱਤਰ ਸਾਬਕਾ ਸਰਪੰਚ ਪਿੰਡ ਕਾਂਝਲਾ ਅਮਨਦੀਪ ਸਿੰਘ ਕਾਂਝਲਾ ਸੰਗਰੂਰ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੀਸ਼ਨ ਪਾਲ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ।

ਇਸ ਮੌਕੇ ਉਨ੍ਹਾਂ ਦੇ ਨਾਲ ਓਂਕਾਰ ਸਿੰਘ ਧੂਰੀ, ਜ਼ਿਲਾ ਜਨਰਲ ਸਕੱਤਰ ਪ੍ਰਦੀਪ ਗਰਗ, ਸਤਨਾਮ ਸਿੰਘ ਆਈ.ਟੀ. ਇੰਚਾਰਜ, ਸੰਗਰੂਰ ਲੋਕ ਸਭਾ, ਅਸੀਸ ਗਰਗ ਮੰਡਲ ਪ੍ਰਧਾਨ ਧੂਰੀ ਅਤੇ ਨਰਪਿੰਦਰ ਗੋਰਾ (ਐੱਮ.ਸੀ. ਧੂਰੀ) ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਰਜੀਵਨ ਜਿੰਦਲ ਜ਼ਿਲਾ ਪ੍ਰਧਾਨ ਭਾਜਪਾ ਸੰਗਰੂਰ ਨੇ ਇਨ੍ਹਾਂ ਆਗੂਆਂ ਦਾ ਭਾਜਪਾ ਪਰਿਵਾਰ ’ਚ ਸ਼ਾਮਲ ਹੋਣ ’ਤੇ ਦਿਲੋਂ ਸਵਾਗਤ ਕੀਤਾ। ਇਸ ਮੌਕੇ ਭਾਜਪਾ ’ਚ ਸ਼ਾਮਲ ਹੋਏ ਆਗੂਆਂ ਨੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਅੰਦਰ ਭਾਜਪਾ ਦੀ ਮਜ਼ਬੂਤੀ ਲਈ ਸਖਤ ਮਿਹਨਤ ਨਾਲ ਕੰਮ ਕਰਨਗੇ।