ਪੰਜਾਬ ਦੇ ਅੰਮ੍ਰਿਤਸਰ ''ਚ ਵਕੀਲ ''ਤੇ ਹੋਈ ਗੋਲੀਬਾਰੀ

 ਪੰਜਾਬ ਦੇ ਅੰਮ੍ਰਿਤਸਰ ''ਚ ਵਕੀਲ ''ਤੇ ਹੋਈ ਗੋਲੀਬਾਰੀ

ਜੰਡਿਆਲਾ ਗੁਰੂ ਇਲਾਕੇ 'ਚ ਅੱਜ ਸਵੇਰੇ ਵਕੀਲ ਲਖਵਿੰਦਰ ਸਿੰਘ 'ਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਇਹ ਹਮਲਾ ਹੋਇਆ ਤਾਂ ਉਸ ਵਕਤ ਲਖਵਿੰਦਰ ਸਿੰਘ ਆਪਣੇ ਘਰ ਤੋਂ ਅੰਮ੍ਰਿਤਸਰ ਕੋਰਟ ਵੱਲ ਜਾ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਜਾਣਕਾਰੀ ਮੁਤਾਬਕ ਲਖਵਿੰਦਰ ਸਿੰਘ ਨੂੰ ਦੋ ਗੋਲੀਆਂ ਲੱਗੀਆਂ ਹਨ। ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ "ਆਉਟ ਆਫ ਡੇਂਜਰ" ਦੱਸਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਹਸਪਤਾਲ ਪਹੁੰਚੇ। ਉਨ੍ਹਾਂ ਨੇ ਲਖਵਿੰਦਰ ਸਿੰਘ ਨੂੰ ਪਰਿਵਾਰਿਕ ਮੈਂਬਰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਦੀ ਹਦਾਇਤ ਦਿੱਤੀ।

ਡੀ. ਐੱਸ. ਪੀ. ਜੰਡਿਆਲਾ ਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਮਲੇ ਦੇ ਮੌਕੇ ਤੋਂ ਪੰਜ ਖੋਲ ਬਰਾਮਦ ਹੋਏ ਹਨ। ਪੁਲਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਸਥਾਨਕ ਗਵਾਹਾਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਸਰਗਰਮੀ ਨਾਲ ਕਾਰਵਾਈ ਜਾਰੀ ਹੈ। ਇਸ ਹਮਲੇ ਨੇ ਨਾਂ ਸਿਰਫ ਕਾਨੂੰਨ ਵਿਵਸਥਾ 'ਤੇ ਸਵਾਲ ਖੜੇ ਕੀਤੇ ਹਨ, ਸਗੋਂ ਵਕੀਲਾਂ ਅਤੇ ਆਮ ਲੋਕਾਂ 'ਚ ਵੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।