- Updated: June 30, 2026 03:24 PM
ਮੰਡੀ ਗੋਬਿੰਦਗੜ੍ਹ ਤੋਂ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੱਧੀ ਰਾਤ ਨੂੰ ਜੁਗਾੜੂ ਰੇਹੜੇ ਉੱਪਰ ਲੱਦੇ ਬੈੱਡ ਦੇ ਅੰਦਰੋਂ ਇਕ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਬੰਦਾ ਤੇ ਜਨਾਨੀ ਜੁਗਾੜੂ ਰੇਹੜੇ ਉੱਪਰ ਇਹ ਬੈੱਡ ਲੱਦ ਕੇ ਜਾ ਰਹੇ ਸੀ ਕਿ ਜੁਗਾੜੂ ਰੇਹੜੇ ਦਾ ਪੈਟ੍ਰੋਲ ਖ਼ਤਮ ਹੋ ਗਿਆ। ਜਦੋਂ ਲੋਕਾਂ ਨੇ ਸ਼ੱਕ ਪੈਣ 'ਤੇ ਉਨ੍ਹਾਂ ਨੇ ਰੋਕਿਆ ਤੇ ਪੁਲਸ ਨੂੰ ਬੁਲਾਇਆ ਤਾਂ ਬੈੱਡ ਦੇ ਅੰਦਰੋਂ ਕੁੜੀ ਦੀ ਲਾਸ਼ ਬਰਾਮਦ ਹੋਈ। ਲਾਸ਼ ਨੂੰ ਜਿਸ ਤਰ੍ਹਾਂ ਬੈੱਡ ਵਿਚ ਲੁਕਾਇਆ ਗਿਆ ਸੀ ਤੇ ਉਸ ਦੇ ਮੂੰਹ ਉੱਪਰ ਬੋਰਾ ਲਪੇਟਿਆ ਹੋਇਆ ਸੀ, ਉਸ ਤੋਂ ਇਹ ਮਾਮਲਾ ਕਤਲ ਦਾ ਜਾਪਦਾ ਹੈ। ਫ਼ਿਲਹਾਲ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ, ਤਾਂ ਜੋ ਮਹਿਲਾ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
ਜਾਣਕਾਰੀ ਮੁਤਾਬਕ, ਮੰਡੀ ਗੋਬਿੰਦਗੜ੍ਹ ਦੀ ਕਚਹਿਰੀ ਨੇੜੇ ਇਕ ਜੁਗਾੜੂ ਰੇਹੜੇ ਉੱਪਰ ਬੌਕਸ ਬੈੱਡ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਸ਼ੱਕ ਪੈਣ 'ਤੇ ਲੋਕਾਂ ਨੇ ਰੇਹੜੇ ਨੂੰ ਰੋਕ ਕੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਬੌਕਸ ਬੈੱਡ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਔਰਤ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿੱਤਾ ਹੈ। ਮੌਕੇ 'ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਇਕ ਔਰਤ ਅਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਦਕਿ ਇਕ ਹੋਰ ਵਿਅਕਤੀ ਦੇ ਫਰਾਰ ਹੋਣ ਦੀ ਸੂਚਨਾ ਹੈ।
ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਔਰਤ ਦੀ ਮੌਤ ਦੇ ਕਾਰਨਾਂ ਅਤੇ ਪੂਰੇ ਘਟਨਾਕ੍ਰਮ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋ ਸਕੇਗਾ। ਪੁਲਸ ਦਾ ਕਹਿਣਾ ਹੈ ਕਿ ਤੱਥਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।