ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ''ਤੇ ''ਪ੍ਰਾਈਵੇਟ ਟੈਕਸ'' ਲੱਗਿਆ, ਵਾਹਨ ਚਾਲਕਾਂ ਤੋਂ ਹੋ ਰਹੀ ਲੁੱਟ

ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ''ਤੇ ''ਪ੍ਰਾਈਵੇਟ ਟੈਕਸ'' ਲੱਗਿਆ, ਵਾਹਨ ਚਾਲਕਾਂ ਤੋਂ ਹੋ ਰਹੀ ਲੁੱਟ

ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ 'ਤੇ ਅੱਜਕਲ੍ਹ ਕਾਨੂੰਨ ਦਾ ਨਹੀਂ ਬਲਕਿ ਬਦਮਾਸ਼ਾਂ ਦਾ ਰਾਜ ਚੱਲਦਾ ਦਿਖਾਈ ਦੇ ਰਿਹਾ ਹੈ। ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ 'ਤੇ ਸਥਿਤ ਇਸ ਮੁੱਖ ਟੋਲ ਪਲਾਜ਼ਾ 'ਤੇ ਕਰੀਬ 15 ਤੋਂ 20 ਅਣਪਛਾਤੇ ਬਦਮਾਸ਼ਾਂ ਨੇ ਆਪਣਾ ਰਾਜ ਚਲਾ ਰੱਖਿਆ ਹੈ। ਇਹ ਬਦਮਾਸ਼ ਦਿਨ-ਰਾਤ ਟੋਲ 'ਤੇ ਆਉਣ-ਜਾਣ ਵਾਲੇ ਭਾਰੀ ਵਾਹਨਾਂ ਅਤੇ ਟ੍ਰਾਂਸਪੋਰਟਰਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਥਾਣਾ ਲਾਡੋਵਾਲ ਦੀ ਪੁਲਸ ਨੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਜ਼ਬਰਨ ਵਸੂਲੀ ਦੀ FIR ਦਰਜ ਕੀਤੀ ਹੈ। 

ਜਾਣਕਾਰੀ ਮੁਤਾਬਕ ਏ.ਐੱਸ.ਆਈ. ਮੁਹੰਮਦ ਸਦੀਕ ਨੂੰ ਸੂਚਨਾ ਮਿਲੀ ਕਿ ਲਾਡੋਵਾਲ ਟੋਲ 'ਤੇ ਗੁੰਡਾਗਰਦੀ ਸਿਖਰਾਂ 'ਤੇ ਹੈ। 15-20 ਅਣਪਛਾਤੇ ਨੌਜਵਾਨ ਟੋਲ ਪਲਾਜ਼ਾ ਦੇ ਕੋਲ ਬੈਠਦੇ ਹਨ ਅਤੇ ਲੁਧਿਆਣਾ ਤੋਂ ਜਲੰਧਰ ਵੱਲ ਜਾਣ ਵਾਲੇ ਟਰੱਕਾਂ ਅਤੇ ਹੋਰ ਭਾਰੀ ਵਾਹਨਾਂ ਨੂੰ ਟੋਲ ਬੂਥ ਤੋਂ ਪਹਿਲਾਂ ਹੀ ਰੋਕ ਲੈਂਦੇ ਹਨ। ਇਹ ਮੁਲਜ਼ਮ ਡਰਾਈਵਰਾਂ ਤੋਂ ਡਰਾ-ਧਮਕਾ ਕੇ ਟੋਲ ਦੀ ਰਕਮ ਆਪਣੀ ਜੇਬ ਵਿਚ ਭਰ ਲੈਂਦੇ ਹਨ ਅਤੇ ਬਦਮਾਸ਼ੀ ਨਾਲ ਫਿਰ ਵਾਹਨ ਫ੍ਰੀ ਵਿਚ ਨਿਕਲਵਾ ਦਿੰਦੇ ਹਨ। 

ਹੱਦ ਤਾਂ ਉਦੋਂ ਹੋ ਗਈ ਜਦੋਂ ਇਹ ਪਤਾ ਲੱਗਿਆ ਕਿ ਇਹ ਬਦਮਾਸ਼ ਟੋਲ ਬੂਥ 'ਤੇ ਤਾਇਨਾਤ ਕਰਮਚਾਰੀਆਂ ਨੂੰ ਵੀ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੰਦੇ ਹਨ। ਡਰ ਦੇ ਮਾਰੇ ਕਰਮਚਾਰੀ ਵੀ ਇਨ੍ਹਾਂ ਬਦਮਾਸ਼ਾਂ ਅੱਗੇ ਬੇਵੱਸ ਨਜ਼ਰ ਆਉਂਦੇ ਹਨ ਅਤੇ ਇਨ੍ਹਾਂ ਦੁਆਰਾ ਰੋਕੇ ਗਏ ਵਾਹਨਾਂ ਨੂੰ ਬਿਨਾਂ ਕਿਸੇ ਸਰਕਾਰੀ ਪਰਚੀ ਜਾਂ ਰਸੀਦ ਦੇ ਹੀ ਉੱਥੋਂ ਜਾਣ ਦਿੰਦੇ ਹਨ। ਇਸ ਤਰ੍ਹਾਂ ਮੁਲਜ਼ਮ ਨਾ ਸਿਰਫ਼ ਜਨਤਾ ਨੂੰ ਲੁੱਟ ਰਹੇ ਹਨ ਬਲਕਿ ਸਰਕਾਰੀ ਖਜ਼ਾਨੇ ਨੂੰ ਵੀ ਵੱਡਾ ਚੂਨਾ ਲਗਾ ਰਹੇ ਹਨ। ਪੁਲਸ ਨੇ ਫਿਲਹਾਲ ਇਸ ਮਾਮਲੇ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਪਛਾਣ ਕਰਨ ਵਿਚ ਜੁੱਟ ਗਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ਵਿਚ ਹਾਈਵੇਅ 'ਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।