ਪ੍ਰੋਫੈਸਰ ਬਲਵਿੰਦਰ ਕੌਰ ਖੁਦਕੁਸ਼ੀ ਅਤੇ ਮਾਈਨਿੰਗ ਮਾਮਲੇ ਨੂੰ ਲੈ ਕੇ ਸਦਨ ਵਿਚ ਭਖਿਆ ਮਾਹੌਲ

ਪ੍ਰੋਫੈਸਰ ਬਲਵਿੰਦਰ ਕੌਰ ਖੁਦਕੁਸ਼ੀ ਅਤੇ ਮਾਈਨਿੰਗ ਮਾਮਲੇ ਨੂੰ ਲੈ ਕੇ ਸਦਨ ਵਿਚ ਭਖਿਆ ਮਾਹੌਲ

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ, ਇਸ ਦੌਰਾਨ ਮਿੰਟ ਦਾ ਮੌਨ ਰੱਖਿਆ ਗਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 2.30 ਵਜੇ ਤਕ ਮੁਲਤਵੀ ਕੀਤੀ ਗਈ। ਕਾਰਵਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਫਿਲਹਾਲ ਸਵਾਲ-ਜਵਾਬ ਦਾ ਦੌਰ ਸ਼ੁਰੂ ਹੋਇਆ।

ਮੈਂ ਨਾਰਕੋ ਟੈਸਟ ਲਈ ਤਿਆਰ ਹਾਂ: ਹਰਜੋਤ ਸਿੰਘ ਬੈਂਸ
ਸਿਫਰ ਕਾਲ ਵਿਚ ਕਾਂਗਰਸ ਨੇ ਮਾਈਨਿੰਗ ਅਤੇ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਹਾਲ ਹੀ ਵਿਚ ਧਰਨੇ ਦੌਰਾਨ ਖੁਦਕੁਸ਼ੀ ਕਰ ਚੁੱਕੀ ਪ੍ਰੋਫੈਸਰ ਬਲਵਿੰਦਰ ਕੌਰ ਦੀ ਧੀ ਨੂੰ ਪਲੇਨ ਪੇਪਰ ਵਿਚ ਨੌਕਰੀ ਦੇਣ ਦਾ ਮੁੱਦਾ ਉਠਾਇਆ। ਇਸ ਦੌਰਾਨ ਸੂਬੇ 'ਚ ਹੋ ਰਹੀ ਮਾਈਨਿੰਗ ਦੇ ਮੁੱਦੇ 'ਤੇ ਵੀ ਤਣਾਅ ਵਧ ਗਿਆ ਹੈ। ਜਿਸ 'ਤੇ ਹਰਜੋਤ ਸਿੰਘ ਬੈਂਸ ਨੇ ਗੁੱਸੇ 'ਚ ਆ ਕੇ ਕਿਹਾ ਕਿ ਉਹ  ਮਾਈਨਿੰਗ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਭਗਵੰਤ ਮਾਨ ਸਰਕਾਰ 'ਚ ਰੇਤੇ ਤੋਂ ਵੱਧ ਮੁਨਾਫਾ ਕਮਾਇਆ ਗਿਆ ਹੈ। ਉਹ ਰੇਤ ਮਾਈਨਿੰਗ ਵਿਚ ਰਾਕੇਸ਼ ਕੁਮਾਰ ਨੂੰ ਅੰਦਰ ਵੀ ਕਰਨ ਵਾਲੇ ਸਨ ਪਰ ਬਿਕਰਮ ਮਜੀਠੀਆ ਜਿਸ ਵਕੀਲ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਹਨ, ਉਹ ਹਲਕੇ ਦਾ ਬਲੈਕਮੇਲਰ ਹੈ। ਮਜੀਠੀਆ ਦੇ ਪੁਰਾਣੇ ਦੋਸਤ ਭੋਲਾ ਦੀ ਈਡੀ ਵਾਲੀ ਜ਼ਮੀਨ ਵਿਚ ਗ੍ਰਿਫ਼ਤਾਰ ਵਿਅਕਤੀ ਅਕਾਲੀ ਦਲ ਦਾ ਆਗੂ ਹੈ ਅਤੇ ਉਸ ਦੀ ਤਸਵੀਰ ਡਾਕਟਰ ਦਲਜੀਤ ਚੀਮਾ ਨਾਲ ਹੈ।

ਹਰਜੋਤ ਬੈਂਸ ਨੇ ਪਰਗਟ ਸਿੰਘ ਨੂੰ 1158 ਭਰਤੀਆਂ ਦੇ ਮਾਮਲੇ 'ਚ ਘੇਰਿਆ
ਅੱਜ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਸਰਕਾਰ ਸਮੇਂ ਸਿੱਖਿਆ ਮੰਤਰੀ ਰਹਿਣ ਵਾਲੇ ਪਰਗਟ ਸਿੰਘ 'ਤੇ ਤਿੱਖਾ ਨਿਸ਼ਾਨਾ ਵਿਨ੍ਹਿਆ। ਉਨ੍ਹਾਂ ਕਿਹਾ ਕਿ ਉਹ ਪਰਗਟ ਸਿੰਘ ਦੀ ਬਹੁਤ ਇੱਜ਼ਤ ਕਰਦੇ ਸਨ। ਪਰ ਨਵੰਬਰ 2021 ਦੌਰਾਨ ਜਦੋਂ ਕੋਡ ਆਫ਼ ਕੰਡਕਟ ਲਾਗੂ ਹੋਣ 'ਚ ਸਿਰਫ਼ ਕੁਝ ਕੁ ਘੰਟੇ ਹੀ ਰਹਿ ਗਏ ਸਨ, ਉਸ ਸਮੇਂ ਪਰਗਟ ਸਿੰਘ ਤੇ ਕਾਂਗਰਸ ਦੀ ਸਰਕਾਰ ਨੇ 1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਖ਼ੋਲ੍ਹਣ ਦਾ ਐਲਾਨ ਕਰ ਦਿੱਤਾ ਸੀ। 

ਇਸ 'ਤੇ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੀ ਕਹਿ ਦਿੱਤਾ ਸੀ ਕਿ ਇਹ ਭਰਤੀ ਗ਼ਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਕਦੇ ਵੀ ਪੂਰੀ ਨਹੀਂ ਹੋ ਸਕਦੀ, ਇਸ ਦੇ ਬਾਵਜੂਦ ਸਿਰਫ਼ ਰਾਜਨੀਤਿਕ ਲਾਭ ਲੈਣ ਲਈ ਕਰੀਬ 1,200 ਦੇ ਕਰੀਬ ਲੋਕਾਂ ਦਾ ਭਵਿੱਖ ਖ਼ਰਾਬ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਜੁਲਾਈ 2022 'ਚ ਹਾਈਕੋਰਟ ਦੇ ਜੱਜ ਵੱਲੋਂ ਆਇਆ ਫ਼ੈਸਲਾ ਵੀ ਸੁਣਾਇਆ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਮੈਨੂੰ ਪਤਾ ਹੈ ਕਿ ਇਸ ਫ਼ੈਸਲੇ ਨਾਲ ਲੋਕਾਂ ਦੇ ਭਵਿੱਖ ਖ਼ਰਾਬ ਹੋਣਗੇ, ਇਸ ਦੇ ਬਾਵਜੂਦ ਗ਼ੈਰ-ਕਾਨੂੰਨੀ ਹੋਣ ਕਾਰਨ ਮੈਂ ਇਸ ਭਰਤੀ ਨੂੰ ਪੂਰਾ ਨਹੀਂ ਕਰ ਸਕਦਾ।

ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਪੁੱਛਿਆ ਸਵਾਲ
ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸਵਾਲ ਪੁੱਛਿਆ ਕਿ ਇੰਨੇ ਆਮ ਆਦਮੀ ਕਲੀਨਿਕ ਪੂਰੇ ਪੰਜਾਬ 'ਚ ਖੋਲ੍ਹੇ ਗਏ ਹਨ ਪਰ ਮੇਰੇ ਹਲਕੇ ਕਾਦੀਆਂ 'ਚ ਕਿੰਨੇ ਆਮ ਆਦਮੀ ਕਲੀਨਿਕ ਖੋਲ੍ਹ ਗਏ ਹਨ, ਮੰਤਰੀ ਇਸ ਸਵਾਲ ਦਾ ਜਵਾਬ ਦੇਣ। ਇਸ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਜ਼ਿਲ੍ਹਾ ਗੁਰਦਾਸਪੁਰ 'ਚ 35 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ। ਗੁਰਦਾਸਪੁਰ ਅਤੇ ਪਠਾਨਕੋਟ 'ਚ 70 ਹੋਰ ਆਮ ਆਦਮੀ ਕਲੀਨਿਕਾਂ ਦੀ ਮਨਜ਼ੂਰੀ ਮਿਲ ਗਈ ਹੈ। ਸਿਹਤ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਭਰੋਸਾ ਦਿਤਾ ਕਿ ਜਿੰਨੇ ਇਨ੍ਹਾਂ ਦੇ ਸਬ ਡਵੀਜ਼ਨ ਹਸਪਤਾਲ ਹਨ, ਉਨ੍ਹਾਂ 'ਚ ਡਾਕਟਰ, ਦਵਾਈਆਂ ਅਤੇ ਮਸ਼ੀਨਾਂ ਮੁਹੱਈਆ ਕਰਵਾ ਦਿਤੀਆਂ ਜਾਣਗੀਆਂ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਹਲਕੇ 'ਚ ਹਰ ਤਰ੍ਹਾਂ ਦੀ ਸਹੂਲਤ ਦਿਤੀ ਜਾਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਹਤ ਸਹੂਲਤਾਂ ਲਈ ਬਜਟ ਦੀ ਕੋਈ ਕਮੀ ਨਹੀਂ ਹੈ।

ਇਸ ਦੌਰਾਨ 'ਆਪ' ਵਿਧਾਇਕ ਕੁਲਵੰਤ ਸਿੰਘ ਨੇ ਨਾਜਾਇਜ਼ ਟੈਕਸੀਆਂ ਦਾ ਮੁੱਦਾ ਉਠਾਇਆ। ਜਿਸ 'ਤੇ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ 2023 ਦੀ ਪਾਲਿਸੀ 'ਤੇ ਕੰਮ ਕੀਤਾ ਜਾ ਰਿਹਾ ਹੈ। ਜਿਸ ਵਿਚ ਓਲਾ, ਉਬੇਰ ਅਤੇ ਬਲਾ-ਬਲਾ ਟੈਕਸੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਜੇਕਰ ਕੋਈ ਟੈਕਸੀ ਪੀਲੀ ਨੰਬਰ ਪਲੇਟ ਤੋਂ ਬਿਨਾਂ ਚੱਲ ਰਹੀ ਹੈ ਤਾਂ ਉਸ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ, ਨਵਾਬ ਸ਼ੇਰ ਮੁਹੰਮਦ ਖਾਂ ਦੇ ਵੰਸ਼ਜ ਬੇਗਮ ਮੁਨਵਰ ਉਲ ਨਿਸਾ, ਉੱਘੇ ਸਮਾਜਵਾਦੀ ਆਗੂ ਬਲਵੰਤ ਸਿੰਘ ਖੇੜਾ,  ਸੁਲਤਾਨਪੁਰ ਲੋਧੀ ‘ਚ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਹੋਈ ਝੜਪ ਦੌਰਾਨ ਮਾਰੇ ਗਏ ਹੋਮਗਾਰਡ ਦੇ ਜਵਾਨ ਜਸਪਾਲ ਸਿੰਘ ਨੂੰ ਵਿਧਾਨ ਸਭਾ ‘ਚ ਦਿਤੀ ਸ਼ਰਧਾਂਜਲੀ ਦਿਤੀ ਗਈ। ਇਸ ਦੇ ਨਾਲ ਹੀ ਵਿਧਾਇਕ ਪ੍ਰਗਟ ਸਿੰਘ ਨੇ ਰੋਪੜ ‘ਚ ਖ਼ੁਦਖੁਸ਼ੀ ਕਰਨ ਵਾਲੀ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਵਿਧਾਨ ਸਭਾ ‘ਚ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ।

ਸਦਨ ਵਿਚ ਅੱਜ ਚਾਰ ਬਿੱਲ ਪੇਸ਼ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਵੀ ਸੈਸ਼ਨ ਤੋਂ ਪਹਿਲਾਂ ਹੀ ਸਰਕਾਰ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿਤੇ ਹਨ। ਇਸ ਤੋਂ ਇਲਾਵਾ ਮੁਲਾਜ਼ਮਾਂ ਨੇ ਸਕੱਤਰੇਤ ਵਿਚ ਸਰਕਾਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ। ਮੁਲਾਜ਼ਮ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੱਤਰੇਤ ਦੀ ਪਾਰਕਿੰਗ ਵਿਚ ਪਹੁੰਚ ਗਏ। ਜਿਥੇ ਮੀਟਿੰਗ ਤੋਂ ਬਾਅਦ ਉਨ੍ਹਾਂ ਸਰਕਾਰ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਮੁਲਾਜ਼ਮਾਂ ਨੇ ਡੀਏ ਦੀ ਕਿਸ਼ਤ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਹੈ।