ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ, ਸਾਬਕਾ CM ਚਰਨਜੀਤ ਸਿੰਘ ਚੰਨੀ ਦੀਆਂ ਵਧੀਆਂ ਮੁਸ਼ਕਲਾਂ,ਵਿਜੀਲੈਂਸ ਨੇ ਭੇਜਿਆ ਸੰਮਨ

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ, ਸਾਬਕਾ CM ਚਰਨਜੀਤ ਸਿੰਘ ਚੰਨੀ ਦੀਆਂ ਵਧੀਆਂ ਮੁਸ਼ਕਲਾਂ,ਵਿਜੀਲੈਂਸ ਨੇ ਭੇਜਿਆ ਸੰਮਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੰਮਨ ਭੇਜਿਆ ਗਿਆ ਹੈ ਅਤੇ 13 ਜੂਨ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਚੰਨੀ ਨੂੰ ਇਹ ਸੰਮਨ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਭੇਜਿਆ ਗਿਆ ਹੈ। 

ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਚੰਨੀ ਤੋਂ ਪਹਿਲਾਂ ਵੀ ਇਕ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਚੰਨੀ ਨੇ ਜਾਂਚ ਟੀਮ ਨੂੰ ਆਪਣੀ ਜਾਇਦਾਦ ਅਤੇ ਹੋਰ ਰਿਕਾਰਡ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸ ‘ਤੇ ਚੰਨੀ ਨੇ ਵਿਦੇਸ਼ ਦੌਰਾ ਰੱਦ ਕਰਨ ਦੀ ਗੱਲ ਕਹੀ ਸੀ।

ਵਿਜੀਲੈਂਸ ਦੀ ਟੀਮ ਨੇ ਚੰਨੀ ਨੂੰ ਆਪਣੀ ਜਾਇਦਾਦ ਅਤੇ ਬੈਂਕ ਬੈਲੇਂਸ ਦੀ ਜਾਣਕਾਰੀ ਦੇਣ ਵਾਲਾ ਪ੍ਰੋਫਾਰਮਾ ਭਰਨ ਲਈ ਕਿਹਾ ਸੀ ਅਤੇ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਜਦੋਂ ਪਿਛਲੀ ਵਾਰ ਵਿਜੀਲੈਂਸ ਨੇ ਚੰਨੀ ਤੋਂ ਪੁੱਛਗਿੱਛ ਕੀਤੀ ਸੀ ਤਾਂ ਉਨ੍ਹਾਂ ਨੇ ਵਿਜੀਲੈਂਸ ਦਫ਼ਤਰ ਤੋਂ ਬਾਹਰ ਆ ਕੇ ਮੀਡੀਆ ਨੂੰ ਬਿਆਨ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ‘ਤੇ ਬਿਨਾਂ ਕਿਸੇ ਸੰਵਿਧਾਨਕ ਅਹੁਦੇ ਦੇ ਆਪਣੇ ਹੀ ਭਤੀਜੇ ਨੂੰ ਸਰਕਾਰੀ ਸਹੂਲਤਾਂ ਦੇਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗ ਰਹੇ ਹਨ। ਵਿਜੀਲੈਂਸ ਟੀਮ ਨੇ ਡੀਜੀਪੀ ਪੰਜਾਬ ਦੇ ਦਫ਼ਤਰ ਤੋਂ ਹਨੀ ਸਿੰਘ ਨੂੰ ਦਿੱਤੀ ਗਈ ਸੁਰੱਖਿਆ ਰਿਪੋਰਟ ਤਲਬ ਕਰ ਲਈ ਹੈ।

ਭਾਣਜੇ ਹਨੀ ਸਿੰਘ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ 18 ਤੋਂ 22 ਕਮਾਂਡੋ ਸਨ, ਜੋ ਹਰ ਵੇਲੇ ਉਸ ਦੇ ਨਾਲ ਰਹਿੰਦੇ ਸਨ। ਇੰਨਾ ਹੀ ਨਹੀਂ, ਉਹ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਦਫਤਰ ਦਾ ਕਾਫੀ ਦੌਰਾ ਕਰਦੇ ਸਨ। ਹਨੀ ਸਿੰਘ ਨੇ ਮੋਹਾਲੀ ਦੇ ਸੈਕਟਰ 70 ਸਥਿਤ ਹੋਮਲੈਂਡ ਟਾਊਨਸ਼ਿਪ ‘ਚ ਵੀ ਮਕਾਨ ਲਿਆ ਹੋਇਆ ਸੀ। ਜਿਥੇ ਉਸ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਵਿਜੀਲੈਂਸ ਨੂੰ ਇਸ ਦੀ ਵੀਡੀਓ ਕਲਿੱਪ ਵੀ ਮਿਲੀ ਹੈ।