- Updated: December 28, 2023 09:22 AM
ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਵਾਸੀਆਂ ਲਈ ਵੰਦੇ ਭਾਰਤ ਰਾਹੀਂ ਨਵੀਂ ਦਿੱਲੀ, ਅੰਮ੍ਰਿਤਸਰ ਅਤੇ ਕਟੜਾ ਦਾ ਸਫਰ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ ਕਿਉਂਕਿ ਲੁਧਿਆਣਾ ਨੂੰ ਦੋ ਨਵੀਆਂ ਵੰਦੇ ਭਾਰਤ ਟਰੇਨਾਂ ਮਿਲਣ ਜਾ ਰਹੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ 30 ਦਸੰਬਰ ਨੂੰ 6 ਵੰਦੇ ਭਾਰਤ ਅਤੇ ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦੇਣਗੇ। ਇਨ੍ਹਾਂ ਵਿੱਚੋਂ ਇੱਕ ਟਰੇਨ ਕਟੜਾ ਤੋਂ ਦਿੱਲੀ ਅਤੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ। ਇਨ੍ਹਾਂ ਦੋਵਾਂ ਟਰੇਨਾਂ ਦੇ ਚੱਲਣ ਨਾਲ ਲੋਕਾਂ ਨੂੰ ਅੰਮ੍ਰਿਤਸਰ ਅਤੇ ਕਟੜਾ ਜਾਣਾ ਆਸਾਨ ਹੋ ਜਾਵੇਗਾ। ਇਹ ਦੋਵੇਂ ਰੇਲ ਗੱਡੀਆਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਰੁਕਣਗੀਆਂ, ਜਦਕਿ ਨਵੀਂ ਦਿੱਲੀ ਤੋਂ ਕਟੜਾ ਜਾਣ ਵਾਲੀ ਰੇਲਗੱਡੀ ਪਹਿਲਾਂ ਹੀ ਲੁਧਿਆਣਾ ਰੁਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਟੜਾ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ 1 ਜਨਵਰੀ ਤੋਂ ਨਿਯਮਿਤ ਤੌਰ 'ਤੇ ਚੱਲੇਗੀ ਅਤੇ ਰਸਤੇ ਵਿਚ ਊਧਮਪੁਰ, ਮਨਵਾਲ, ਜੰਮੂ ਤਵੀ, ਕਠੂਆ, ਪਠਾਨਕੋਟ ਕੈਂਟ, ਮੁਕੇਰੀਆਂ, ਦਸੂਹਾ, ਲੁਧਿਆਣਾ ਅਤੇ ਕਰਨਾਲ ਵਿਖੇ ਰੁਕੇਗੀ, ਜਦਕਿ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਰੇਲਗੱਡੀ ਅੰਬਾਲਾ, ਲੁਧਿਆਣਾ, ਜਲੰਧਰ ਵਿਖੇ ਰੁਕੇਗੀ। ਨਵੀਂ ਲਾਂਚ ਕੀਤੀ ਗਈ ਵੰਦੇ ਭਾਰਤ ਟਰੇਨ ਨੂੰ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮੁੱਖ ਦਫਤਰ ਤੋਂ ਦੋਵਾਂ ਟਰੇਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਜਾਵੇਗਾ।