- Updated: July 23, 2024 10:38 AM
ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿਚ ਬੀਤੇ ਦੁਪਹਿਰ ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਨਾਲ ਸਟੋਰ ਦੇ ਬਹਾਰ ਕੰਮ ਕਰ ਰਹੇ ਬੇਗੋਵਾਲ ਦੀ ਨੌਜਵਾਨ ਸਮੇਤ 2 ਦੀ ਮੌਤ ਹੋ ਗਈ। ਮ੍ਰਿਤਕਾਂ ’ਚੋਂ ਇਕ ਵਿਅਕਤੀ ਜ਼ਿਲ੍ਹਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਪਛਾਣ ਜਸਵੀਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਬੇਗੋਵਾਲ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਵੱਸਣ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ ਉਸਦਾ ਲੜਕਾ ਜਸਵੀਰ ਸਿੰਘ (33) ਕੁਝ ਸਮਾਂ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ 40 ਲੱਖ ਰੁਪਏ ਕਰਜ਼ਾ ਚੁੱਕ ਕੇ ਵਿਦੇਸ਼ ਵਿਚ ਗਿਆ ਸੀ, ਜੋ ਵਿਆਹਿਆ ਹੋਇਆ ਸੀ ਅਤੇ ਉਸ ਦੇ 2 ਬੱਚੇ ਵੀ ਹਨ। ਉਸਦਾ ਭਰਾ ਵੀ ਪਰਿਵਾਰ ਸਮੇਤ ਬਾਹਰ ਅਮਰੀਕਾ ਰਹਿ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਜਿੱਥੇ ਕੰਮ ਕਰਦਾ ਸੀ, ਉਸ ਸਟੋਰ ਦੇ ਬਾਹਰ ਖੜਾ ਸੀ, ਇੰਨੇ ਨੂੰ ਕਾਰ ਵਿਚ ਆਏ 2-3 ਅਣਪਛਾਤਿਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸਿਰ ’ਤੇ ਗੋਲੀ ਲੱਗਣ ਕਾਰਨ ਜਸਵੀਰ ਸਿੰਘ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਸ ਦੇ ਲੜਕੇ ਤੋਂ ਇਲਾਵਾ ਇਕ ਹੋਰ ਵਿਅਕਤੀ ਦੀ ਮੌਤ ਹੋਈ ਦੱਸੀ ਜਾ ਰਹੀ ਹੈ, ਜਦਕਿ 3 ਜ਼ਖਮੀ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ।