ਵਿਦੇਸ਼ ਗਏ ਨੌਜਵਾਨ ਦੀ ਪਰਤੀ ਲਾਸ਼, ਮਾਪਿਆਂ ਦਾ ਰੋ-ਰੋ ਕੇ ਹਾਲ ਬੁਰਾ

ਵਿਦੇਸ਼ ਗਏ ਨੌਜਵਾਨ ਦੀ ਪਰਤੀ ਲਾਸ਼, ਮਾਪਿਆਂ ਦਾ ਰੋ-ਰੋ ਕੇ ਹਾਲ ਬੁਰਾ

ਪਿਛਲੇ ਮਹੀਨੇ ਅਰਮੀਨੀਆ ਵਿਚ ਪੰਜਾਬੀ ਨੌਜਵਾਨ ਦੀ ਜ਼ਹਰਿਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਸੀ। ਅੱਜ ਉਕਤ ਨੌਜਵਾਨ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਕੋਲ ਪਹੁੰਚੀ। ਇਸ ਮੌਕੇ ਲੋਕ ਸੇਵਾ ਦੀ ਭਾਵਨਾ ਨਾਲ ਬਣਾਈ ਹੈਲਪਿੰਗ ਹੈਪਲੈੱਸ ਸੰਸਥਾ ਦੀ ਮੁਖੀ ਬੀਬਾ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅਤਿ ਦੁਖਦਾਈ ਘਟਨਾ ਹੈ ਨੌਜਵਾਨ ਪੁੱਤਰ ਦੀ ਅਰਥੀ ਨੂੰ ਬਾਪ ਨੂੰ ਮੋਢਾ ਦੇਣਾ ਪੈ ਰਿਹਾ, ਪਰ ਮਜਬੂਰੀਆਂ ਇਨਸਾਨ ਨੂੰ ਬੇਵੱਸ ਕਰ ਦਿੰਦੀਆਂ ਹਨ। 

ਉਨ੍ਹਾਂ ਦੱਸਿਆ ਕਿ ਇਹ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਸਪੁੱਤਰ ਹਰਪਾਲ ਸਿੰਘ ਪਿੰਡ ਮੰਜਾਲੀ ਖੁਰਦ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਨੂਰਗੀ ਨੇੜੇ ਖਰਾਸ਼ੰਬ (ਅਰਮੀਨੀਆ) ਵਿਚ ਇਕ ਬੱਕਰੀਆਂ ਦੇ ਫਾਰਮ ਵਿਚ ਕੰਮ ਕਰਦਾ ਸੀ, ਜਿੱਥੇ ਉਸ ਦੀ ਜਹਿਰੀਲੀ ਗੈਸ ਚੜ੍ਹਨ ਨਾਲ 15 ਸਤੰਬਰ ਨੂੰ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾ ਨੇ ਐੱਨ.ਜੀ.ਓ "ਹੈਲਪਿੰਗ ਹੈਪਲੈੱਸ" ਤੱਕ ਪਹੁੰਚ ਕੀਤੀ,  ਜਿਸ ਵਿਚ ਅਸੀਂ ਭਾਰਤ ਸਰਕਾਰ ਨਾਲ ਸੰਪਰਕ ਕਰ ਕੇ ਸਾਰੀ ਹਕੀਕਤ ਤੋਂ ਜਾਣੂੰ ਕਰਵਾਇਆ ਤੇ ਨਿਰੰਤਰ ਭਾਰਤੀ ਦੂਤਾਵਾਸ ਅਰਮੀਨੀਆ ਨਾਲ ਸੰਪਰਕ ਬਣਾਇਆ। ਉਨ੍ਹਾਂ ਦੇ ਰਾਜਦੂਤ ਨਾਲ ਫ਼ੋਨ 'ਤੇ ਗੱਲਬਾਤ ਕਰ ਕਾਨੂੰਨੀ ਪ੍ਰਕਿਰਿਆ ਪੂਰੀ ਕਰਵਾਉਣ ਚ ਮਦਦ ਕੀਤੀ ਤੇ ਮ੍ਰਿਤਕ ਦੇਹ ਅੱਜ ਪਰਿਵਾਰ 'ਚ ਪਹੁੰਚ ਸਕੀ ਹੈ। 

ਅਮਨਜੋਤ ਨੇ ਕਿਹਾ ਕਿ ਆਪਣੇ ਭਵਿੱਖ ਨੂੰ ਰੁਸ਼ਨਾਉਣ ਗਏ ਅਮਨਦੀਪ ਨੂੰ ਕੀ ਪਤਾ ਸੀ ਕਿ ਇਹ ਰੋਜ਼ਗਾਰ ਉਸ ਦੇ ਪਰਿਵਾਰ ਨੂੰ ਹਮੇਸ਼ਾ ਲਈ ਹਨੇਰੇ 'ਚ ਸੁੱਟ ਦੇਵੇਗਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਸੀ ਕਿ ਵਿਲਕਦੀ ਮਾਂ ਤੇ ਤੜਫਦੇ ਪਰਿਵਾਰ ਨੂੰ ਆਖਰੀ ਦਰਸ਼ਨ ਹੋ ਸਕਣ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਪਿਤਾ ਹਰਪਾਲ ਸਿੰਘ, ਸਰਪੰਚ ਜਸਵਿੰਦਰ ਸਿੰਘ, ਅਲਵੇਲ ਸਿੰਘ,ਪਾਲਾ ਸਿੰਘ, ਕਸ਼ਮੀਰਾ ਸਿੰਘ,  ਬਾਬਾ ਲਾਡੀ ਮੰਜਾਲੀਆ, ਇੰਦਰਜੀਤ ਸਿੰਘ ਮਜਾਲੀਆ,  ਇੰਦਰਜੀਤ ਸਿੰਘ ਦੈਹਿੜੂ ਆਦਿ ਹਾਜ਼ਰ ਸਨ।