- Updated: April 13, 2026 06:52 PM
ਇਟਲੀ ਵਿਚ ਭੇਤਭਰੇ ਹਾਲਾਤ ’ਚ ਮੌਤ ਦਾ ਸ਼ਿਕਾਰ ਹੋਏ ਪਿੰਡ ਕਾਕੜਾ ਦੇ ਨੌਜਵਾਨ ਨਵਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਜਹਾਜ਼ ਰਾਹੀਂ ਭਾਰਤ ਲਿਆਂਦੀ ਗਈ, ਜਿਸ ਤੋਂ ਬਾਅਦ ਉਸ ਦਾ ਪਿੰਡ ਵਿਚ ਗਮਗੀਨ ਮਾਹੌਲ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਹਾਊਸ ਫੈਡ ਦੇ ਸਾਬਕਾ ਅਧਿਕਾਰੀ ਸੂਰਤ ਸਿੰਘ ਤੁੰਗ ਦਾ 35 ਸਾਲਾ ਇਕਲੌਤਾ ਪੁੱਤਰ ਨਵਦੀਪ ਸਿੰਘ ਕਰੀਬ 4 ਸਾਲ ਪਹਿਲਾਂ ਰੋਜ਼ਗਾਰ ਲਈ ਇਟਲੀ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਜਨਵਰੀ ਮਹੀਨੇ ਉਹ ਪੰਜਾਬ ਵਾਪਸ ਆ ਰਿਹਾ ਸੀ, ਪਰ ਕਿਸੇ ਕਾਰਨ ਕਰਕੇ ਰਾਹ ਵਿਚੋਂ ਹੀ ਮੁੜ ਇਟਲੀ ਵਾਪਸ ਚਲਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ 22 ਮਾਰਚ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਨਵਦੀਪ ਸਿੰਘ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਗਈ ਹੈ। ਇਸ ਦੁੱਖਦਾਈ ਖ਼ਬਰ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਕਈ ਦਿਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਅੱਜ ਉਸ ਦੀ ਮ੍ਰਿਤਕ ਦੇਹ ਦਿੱਲੀ ਲਿਆਂਦੀ ਗਈ, ਜਿੱਥੋਂ ਪਿੰਡ ਕਾਕੜਾ ਪਹੁੰਚਾ ਕੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਨਵਦੀਪ ਸਿੰਘ ਆਪਣੇ ਪਿੱਛੇ ਪਤਨੀ, 4 ਸਾਲ ਦਾ ਪੁੱਤਰ ਅਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ, ਜਦਕਿ ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ। ਇਸ ਮੌਕੇ ਸਾਬਕਾ ਵਿਧਾਇਕ ਸਮਾਣਾ ਜਗਤਾਰ ਸਿੰਘ ਰਾਜਲਾ, ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਹਰਵਿੰਦਰ ਸਿੰਘ ਕਾਕੜਾ, ਰਵਜਿੰਦਰ ਸਿੰਘ ਕਾਕੜਾ, ਰਣਜੀਤ ਸਿੰਘ ਤੂਰ (ਕਾਂਗਰਸ), ਦਿਨੇਸ਼ ਬਾਂਸਲ, ਗੁਰਦੀਪ ਸਿੰਘ ਫੱਗੂਵਾਲਾ, ਜਗਤਾਰ ਸ਼ਰਮਾ ਅਤੇ ਪਰਮਜੀਤ ਸਿੰਘ ਸੰਗਤਪੁਰਾ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਇਲਾਕਾ ਵਾਸੀਆਂ ਨੇ ਦੁੱਖ ਸਾਂਝਾ ਕੀਤਾ।