- Updated: April 22, 2026 12:30 PM
ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿੱਚ ਫਿਰੌਤੀ ਨਾਲ ਸਬੰਧਤ ਹਿੰਸਾ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਇਸ ਮਾਮਲੇ ਵਿੱਚ ਦੂਜੀ ਗ੍ਰਿਫਤਾਰੀ ਹੈ। ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਤੀਜੇ ਵਿਅਕਤੀ ਖ਼ਿਲਾਫ਼ ਵਾਰੰਟ ਜਾਰੀ ਕੀਤਾ ਗਿਆ ਹੈ।
ਇਹ ਗ੍ਰਿਫ਼ਤਾਰੀਆਂ 22 ਫਰਵਰੀ ਅਤੇ 4 ਮਾਰਚ ਨੂੰ ਸ਼ਹਿਰ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦੇ ਸਬੰਧ ਵਿੱਚ ਕੀਤੀਆਂ ਗਈਆਂ ਹਨ। ਕੈਲਗਰੀ ਪੁਲਿਸ ਸਰਵੁਿਸ ਨੇ ਦੱਸਿਆ ਕਿ 21 ਸਾਲਾ ਕਰਨਬੀਰ ਸਿੰਘ ਨੂੰ ਸੂਬਾਈ ਰਾਜਧਾਨੀ ਐਡਮੰਟਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਉਸ 'ਤੇ ਜਾਣਬੁੱਝ ਕੇ ਗੋਲੀ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ।
3 ਅਪ੍ਰੈਲ ਨੂੰ, ਪੁਲਿਸ ਨੇ 21 ਸਾਲਾ ਜਸਕਰਨ ਸਿੰਘ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ ਸੀ, ਉਸ 'ਤੇ ਵੀ ਜਾਣਬੁੱਝ ਕੇ ਗੋਲੀ ਚਲਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਤੀਜਾ ਵਿਅਕਤੀ 22 ਸਾਲਾ ਜਰਮਨਜੀਤ ਸਿੰਘ ਵੀ ਜਾਣਬੁੱਝ ਕੇ ਗੋਲੀ ਚਲਾਉਣ ਦੇ ਦੋਸ਼ ਵਿੱਚ ਲੋੜੀਂਦਾ ਹੈ। ਉਸਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਹੋਣ 'ਤੇ ਉਸਦੀਆਂ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ।
ਇੱਥੇ ਦੱਸ ਦਈਏ ਕਿ 7 ਮਾਰਚ ਨੂੰ, ਇੱਕ ਵਾਹਨ, ਜਿਸ 'ਤੇ ਤਿੰਨ ਦਿਨ ਪਹਿਲਾਂ ਜਬਰੀ ਵਸੂਲੀ ਨਾਲ ਸਬੰਧਤ ਗੋਲੀਬਾਰੀ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ, ਨੂੰ ਉਦੋਂ ਰੋਕਿਆ ਗਿਆ ਜਦੋਂ ਇੱਕ ਗਸ਼ਤੀ ਅਧਿਕਾਰੀ ਨੇ ਡਰਾਈਵਰ ਨੂੰ ਟ੍ਰੈਫਿਕ ਉਲੰਘਣਾ ਕਰਦੇ ਦੇਖਿਆ। ਇੱਕ ਬਿਆਨ ਵਿੱਚ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਪ੍ਰੇਰੀ ਖੇਤਰ ਲਈ ਖੇਤਰੀ
ਡਾਇਰੈਕਟਰ ਜਨਰਲ ਨੇ ਕਿਹਾ ਕਿ " ਉਹ ਉਨ੍ਹਾਂ ਵਿਅਕਤੀਆਂ ਨੂੰ ਜਲਦੀ ਦੇਸ਼ ਨਿਕਾਲਾ ਦੇਣ ਵਚਨਬੱਧ ਹਨ ਜਿਨ੍ਹਾਂ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਕੀਤੀ ਹੈ ਅਤੇ ਸਾਡੇ ਭਾਈਚਾਰਿਆਂ ਦੀ ਸੁਰੱਖਿਆ ਲਈ ਜੋਖਮ ਪੈਦਾ ਕੀਤੇ ਹਨ।" ਕੈਨੇਡਾ ਪਹਿਲਾਂ ਵੀ ਅਜਿਹੇ ਕਈ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦੇ ਚੁੱਕਾ ਹੈ, ਜਿਨ੍ਹਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਨਵਰੀ 2025 ਤੋਂ ਕੈਲਗਰੀ ਵਿੱਚ ਜਬਰੀ ਵਸੂਲੀ ਦੀਆਂ 41 ਕੋਸ਼ਿਸ਼ਾਂ ਹੋਈਆਂ ਹਨ। ਸਤਾਰਾਂ ਘਟਨਾਵਾਂ ਵਿੱਚ ਘਰਾਂ, ਕਾਰੋਬਾਰਾਂ ਜਾਂ ਵਾਹਨਾਂ 'ਤੇ ਗੋਲੀਬਾਰੀ ਸ਼ਾਮਲ ਸੀ।