- Updated: October 07, 2023 05:59 PM
ਪੁਰਤਗਾਲ ਵਿਖੇ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਰਤਗਾਲ ਦੇ ਐਵੀਰੋ ਸ਼ਹਿਰ ਵਿੱਚ ਰਹਿ ਰਿਹਾ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ (30) ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋ ਗਿਆ ਹੈ। ਲਾਪਤਾ ਹੋਣ ਵਾਲਾ ਨੌਜਵਾਨ ਹੁਸ਼ਿਆਰਪੁਰ ਦੇ ਪਿੰਡ ਮੁੱਖਲਿਆਣਾ ਦਾ ਰਹਿਣ ਵਾਲਾ ਹੈ। ਲਾਪਤਾ ਹੋਣ ਦੀ ਖ਼ਬਰ ਸੁਣ ਕੇ ਪਰਿਵਾਰ ਹਾਲੋ-ਬੇਹਾਲ ਹੋ ਗਿਆ ਹੈ।
ਪਰਿਵਾਰ ਦੇ ਦੱਸਣ ਮੁਤਾਬਕ ਗੁਰਪ੍ਰੀਤ ਸਿੰਘ ਕੰਮ ਤੋਂ ਬਾਅਦ ਘਰ ਆਇਆ ਸੀ ਅਤੇ ਘਰ ਤੋਂ ਹੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕੁਝ ਪੰਜਾਬੀ ਮੁੰਡਿਆਂ ਨਾਲ ਵਾਪਰੀਆਂ ਹਨ। ਉਥੋਂ ਦੇ ਸਥਾਨਕ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਪਿੰਡ ਅਤੇ ਪਰਿਵਾਰ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਭਾਰਤ ਸਰਕਾਰ ਨੂੰ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਮਦਦ ਲਈ ਬੇਨਤੀ ਕੀਤੀ ਹੈ।