- Updated: April 22, 2026 03:01 PM
ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਪਿੰਡ ਜਸਪਾਲੋਂ ਦੇ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਸਮਾਜ ਸੇਵੀ ਗੁਰਦਾਸ ਸਿੰਘ ਗੁਰਮ (ਲੱਖੀ) ਅਤੇ ਮ੍ਰਿਤਕ ਨੌਜਵਾਨ ਦੇ ਤਾਇਆ ਜਗਜੀਤ ਸਿੰਘ ਜੀਤਾ ਨੇ ਦੱਸਿਆ ਕਿ ਨੌਜਵਾਨ ਜੁਗਰਾਜ ਸਿੰਘ ਜੋਗੀ (26) ਪੁੱਤਰ ਸੁਰਿੰਦਰਪਾਲ ਸਿੰਘ (ਜਸਪਾਲੋਂ-ਬਗਲੀ ਵਾਲੇ) ਦਾ ਇਕਲੌਤਾ ਪੁੱਤਰ ਸੀ। ਉਹ ਸਾਲ 2017 ’ਚ ਕੈਨੇਡਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕੈਨੇਡਾ ਵਿਚ ਜੁਗਰਾਜ ਸਿੰਘ ਦੇ ਟਰਾਲੇ ਦੀ ਕਿਸੇ ਦੂਜੇ ਟਰਾਲੇ ਨਾਲ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿਥੇ ਜੁਗਰਾਜ ਸਿੰਘ ਜੋਗੀ ਦੀ ਮੌਕੇ ’ਤੇ ਮੌਤ ਹੋ ਗਈ, ਉਥੇ ਹੀ ਦੂਜੇ ਟਰਾਲੇ ਵਿਚ ਸਵਾਰ 2 ਹੋਰ ਪੰਜਾਬੀ ਨੌਜਵਾਨਾਂ ਦੀ ਵੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਕੈਨੇਡਾ ਦੇ ਵਿੰਨੀਪੈਗ ਵਿਖੇ ਆਪਣੀ ਭੈਣ ਕੋਲ ਰਹਿੰਦਾ ਸੀ।
ਇਸ ਖ਼ਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਹੁਣ ਜੁਗਰਾਜ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।