- Updated: July 07, 2024 01:55 PM
ਵਿਦੇਸ਼ ਵਿਚ ਪੰਜਾਬੀ ਨੌਜਵਾਨ ਹਰ ਰੋਜ਼ ਆਪਣੀਆਂ ਜਾਨਾਂ ਗਵਾ ਰਹੇ ਹਨ। ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ। ਇਥੇ ਸਿਡਨੀ ਵਿਖੇ ਇੱਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਅਵਰਿੰਦਰ ਸਿੰਘ (31) ਵਜੋਂ ਹੋਈ ਹੈ।
ਮ੍ਰਿਤਕ ਅਜਨਾਲਾ ਦੇ ਪਿੰਡ ਗੱਗੋਮਾਹਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਿਤਾ ਨਿਰਮਲ ਸਿੰਘ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਵਰਿੰਦਰ ਸਿੰਘ ਦਾ 2015 ਵਿੱਚ ਵਿਆਹ ਹੋਇਆ ਸੀ ਅਤੇ 2016 ਵਿੱਚ ਉਹ ਆਪਣੀ ਪਤਨੀ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਚਲਾ ਗਿਆ ਸੀ। ਇਸ ਤੋਂ ਬਾਅਦ 7 ਸਾਲ ਬਾਅਦ ਉਹ 20 ਫਰਵਰੀ 2024 ਨੂੰ ਆਪਣੇ ਘਰ ਪਰਤਿਆ ਅਤੇ 28 ਅਪ੍ਰੈਲ 2024 ਨੂੰ ਪਰਿਵਾਰ ਸਮੇਤ ਮੈਲਬੌਰਨ ਵਾਪਸ ਚਲਾ ਗਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਵਰਿੰਦਰ ਟਰੱਕ ਲੈ ਕੇ ਸਿਡਨੀ ਗਿਆ ਸੀ, ਜਿੱਥੇ ਟਰੱਕ ਦੀ ਤਰਪਾਲ ਦੀ ਮੁਰੰਮਤ ਕਰਦੇ ਸਮੇਂ ਉਹ ਟਰੱਕ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦਾ ਸਿਰ ਜ਼ਮੀਨ ‘ਤੇ ਜਾ ਵੱਜਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਉਨ੍ਹਾਂ ਨੇ ਦੱਸਿਆ ਕਿ ਅਵਰਿੰਦਰ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਆਪਣੇ ਪਿੱਛੇ 6 ਸਾਲ 6 ਮਹੀਨੇ ਦੀਆਂ ਦੋ ਧੀਆਂ ਅਤੇ ਪਤਨੀ ਛੱਡ ਗਿਆ ਹੈ। ਅਵਰਿੰਦਰ ਦੀ ਮਾਂ ਅਮਰਜੀਤ ਕੌਰ ਦਾ ਰੋ-ਰੋ ਬੁਰਾ ਹਾਲ ਹੈ ।