- Updated: July 03, 2026 04:42 PM
ਕਸੌਲ ਵਿਚ ਆਪਣੇ ਦੋਸਤ ਨਾਲ ਘੁੰਮਣਾ ਇਕ ਪੰਜਾਬੀ ਨੌਜਵਾਨ ਨੂੰ ਮਹਿੰਗਾ ਪੈ ਗਿਆ। ਮੰਗਲਵਾਰ ਨੂੰ ਆਪਣੇ ਦੋਸਤਾਂ ਨਾਲ ਘੁੰਮਣ ਆਏ ਪੰਜਾਬ ਦੇ 21 ਸਾਲਾ ਨੌਜਵਾਨ ਦੀ ਨਾਲੇ ਦੇ ਤੇਜ਼ ਵਹਾਅ ਵਿਚ ਡੁੱਬਣ ਨਾਲ ਮੌਤ ਹੋ ਗਈ। ਘਟਨਾ ਦੇ ਬਾਅਦ ਮ੍ਰਿਤਕ ਦੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅੰਸ਼ਤੇਜ ਕਪੂਰਥਲਾ ਵਜੋਂ ਹੋਈ ਹੈ। ਅੰਸ਼ਤੇਜ ਇਨ੍ਹੀਂ ਦਿਨੀਂ ਆਪਣੇ ਦੋਸਤਾਂ ਨਾਲ ਕੁੱਲੂ ਤੇ ਪਾਰਵਤੀ ਘਾਟੀ ਦੀਆਂ ਵਾਦੀਆਂ ਦਾ ਮਜ਼ਾ ਲੈਣ ਗਿਆ ਸੀ। ਮੰਗਲਵਾਰ ਨੂੰ ਉਹ ਸਾਰੇ ਜੈਨਾਲਾ ਖੇਤਰ ਵਿਚ ਘੁੰਮਣ ਗਏ ਸਨ ਜਿਥੇ ਮੌਸਮ ਦਾ ਆਨੰਦ ਲੈਂਦੇ ਹੋਏ ਸਾਰੇ ਦੋਸਤ ਇਕ ਨਾਲੇ ਵਿਚ ਨਹਾਉਣ ਲਈ ਉਤਰ ਗਏ। ਨਹਾਉਂਦੇ ਸਮੇਂ ਅੰਸ਼ਤੇਜ ਅਚਾਨਕ ਨਾਲੇ ਦੇ ਡੂੰਘੇ ਪਾਣੀ ਤੇ ਤੇਜ਼ ਵਹਾਅ ਦੀ ਚਪੇਟ ਵਿਚ ਆ ਗਿਆ ਤੇ ਡੁੱਬਣ ਲੱਗਾ। ਉਸ ਨੂੰ ਡੁੱਬਦਾ ਹੋਇਆ ਦੇਖ ਦੋਸਤਾਂ ਨੇ ਸ਼ੋਰ ਮਚਾਇਆ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਸਥਾਨਕ ਲੋਕਾਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਦੇ ਬਾਅਦ ਅੰਸ਼ਤੇਜ ਨੂੰ ਪਾਣੀ ਤੋਂ ਬਾਹਰ ਕੱਢਿਆ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਦੇਖਦੇ ਹੀ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੋਰਚਰੀ ਭਿਜਵਾ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।