- Updated: April 21, 2026 05:27 PM
ਬੀਤੇ ਦਿਨ ਇਟਲੀ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਬਾਰੀ ਦੀ ਦਰਦਨਾਕ ਘਟਨਾ 'ਚ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਦਰਗਾਬਾਦ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਰਜਿੰਦਰ ਸਿੰਘ ਵਜੋਂ ਹੋਈ ਹੈ, ਜੋ ਲੰਬੇ ਸਮੇਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ। ਇਸ ਦੌਰਾਨ ਰਜਿੰਦਰ ਸਿੰਘ ਦੇ ਇਕ ਸਾਥੀ ਨੂੰ ਗੋਲੀਆਂ ਲੱਗੀਆਂ ਅਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਰਜਿੰਦਰ ਸਿੰਘ ਦਾ ਜੱਦੀ ਪਿੰਡ ਡੇਰਾ ਬਾਬਾ ਨਾਨਕ ਇਲਾਕੇ ਦਾ ਪਿੰਡ ਦਰਗਾਬਾਦ ਹੈ, ਜਿੱਥੇ ਉਸਦੇ ਪਿਤਾ ਅਤੇ ਛੋਟੇ ਭਰਾ ਦੀ ਪਤਨੀ ਰਹਿੰਦੇ ਹਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਰਜਿੰਦਰ ਸਿੰਘ ਪਿਛਲੇ 24 ਸਾਲਾਂ ਤੋਂ ਇਟਲੀ ਵਿੱਚ ਰਹਿ ਰਹੇ ਸਨ ਅਤੇ ਪਹਿਲਾਂ ਵੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹਿ ਚੁੱਕਾ ਸੀ। ਹਾਲ ਹੀ ਵਿੱਚ ਉਨ੍ਹਾਂ ਦੇ ਇੱਕ ਕਰੀਬੀ ਸਾਥੀ ਨੂੰ ਪ੍ਰਧਾਨ ਚੁਣਿਆ ਗਿਆ ਸੀ, ਜਿਸ ਕਾਰਨ ਦੂਜੀ ਧਿਰ ਰੰਜਿਸ਼ ਰੱਖਦੀ ਸੀ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਰਜਿੰਦਰ ਸਿੰਘ ਜਾਂ ਉਨ੍ਹਾਂ ਦੇ ਸਾਥੀਆਂ ਦਾ ਕਮੇਟੀ ਉੱਤੇ ਕੋਈ ਪ੍ਰਭਾਵ ਰਹੇ। ਇਸੇ ਰੰਜਿਸ਼ ਦੇ ਚੱਲਦਿਆਂ ਦੂਜੇ ਧੜੇ ਵੱਲੋਂ ਰਜਿੰਦਰ ਤੇ ਉਸ ਦੇ ਸਾਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਘਟਨਾ ਦਾ ਵੇਰਵਾ
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਵਿਸਾਖੀ ਮੌਕੇ ਗੁਰਦੁਆਰਾ ਸਾਹਿਬ 'ਚ ਨਗਰ ਕੀਰਤਨ ਦੀ ਤਿਆਰੀ ਚੱਲ ਰਹੀ ਸੀ। ਰਜਿੰਦਰ ਸਿੰਘ ਪ੍ਰਸ਼ਾਦ ਲੈ ਕੇ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ। ਜਿਵੇਂ ਹੀ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ, ਉਸ ‘ਤੇ ਗੋਲੀਬਾਰੀ ਕਰ ਦਿੱਤੀ ਗਈ। ਇਸ ਹਮਲੇ ਵਿੱਚ ਉਸਦਾ ਇੱਕ ਸਾਥੀ ਵੀ ਮਾਰਿਆ ਗਿਆ। ਇਸ ਦੌਰਾਨ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਵੀਜ਼ਾ ਜਾਰੀ ਕੀਤਾ ਜਾਵੇ, ਤਾਂ ਜੋ ਉਹ ਇਟਲੀ ਜਾ ਕੇ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋ ਸਕਣ।